#PUNJAB

ਜਲੰਧਰ ਲੋਕ ਸਭਾ ਸੀਟ: 9 ਵਿਧਾਨ ਸਭਾ ਹਲਕਿਆਂ ‘ਚੋਂ ਹਾਰੀ ‘ਆਪ’

ਜਲੰਧਰ, 4 ਜੂਨ (ਪੰਜਾਬ ਮੇਲ)- ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਜਲੰਧਰ ਹਲਕੇ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ 3,90,053 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ ਹੈ। ਉਥੇ ਹੀ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੂਜੇ ਨੰਬਰ ‘ਤੇ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਜਲੰਧਰ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਮੁਤਾਬਕ ਤਾਂ ਇਥੋਂ 9 ਹਲਕਿਆਂ ਵਿਚੋਂ ਹੀ ‘ਆਪ’ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ ਦੇ ਚਾਰ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਵਿਧਾਇਕ ਹੋਣ ਦੇ ਬਾਵਜੂਦ ਆਪਣੇ ਹਲਕੇ ਵੀ ਨਹੀਂ ਬਚਾ ਸਕੇ ਹਨ, ਜਦਕਿ 5 ਹਲਕਿਆਂ ਵਿਚ ਕਾਂਗਰਸ ਪਾਰਟੀ ਦੇ ਵਿਧਾਇਕ ਹਨ।
ਜਲੰਧਰ ਸੈਂਟਰਲ ਤੋਂ ਰਮਨ ਅਰੋੜਾ ਵਿਧਾਇਕ ਹਨ ਅਤੇ ਇਨ੍ਹਾਂ ਦੇ ਹਲਕੇ ਵਿਚ ‘ਆਪ’ ਨੂੰ ਸਿਰਫ਼ 18528 ਵੋਟਾਂ ਮਿਲੀਆਂ ਹਨ। ਨਕੋਦਰ ਹਲਕੇ ਵਿਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਆਪਣਾ ਹਲਕਾ ਨਹੀਂ ਬਚਾ ਸਕੇ ਹਨ। ਇਥੋਂ ‘ਆਪ’ ਨੂੰ 23201 ਵੋਟਾਂ ਮਿਲੀਆਂ ਹਨ। ਕਰਤਾਰਪੁਰ ਹਲਕੇ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵਿਧਾਇਕ ਹਨ ਅਤੇ ਆਪ ਪਾਰਟੀ ਨੂੰ 29106 ਵੋਟਾਂ ਮਿਲੀਆਂ ਹਨ। ਹਾਲ ਹੀ ਵਿਚ ਭਾਜਪਾ ਵਿਚ ਗਏ ਸ਼ੀਤਲ ਅੰਗੁਰਾਲ ਜਲੰਧਰ ਵੈਸਟ ਹਲਕੇ ਤੋਂ ਵਿਧਾਇਕ ਰਹੇ ਹਨ। ਵੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ 15629 ਵੋਟਾਂ ਹਾਸਲ ਹੋਈਆਂ ਹਨ।
ਇਨ੍ਹਾਂ ਚਾਰੋਂ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣ ਦੇ ਬਾਵਜੂਦ ‘ਆਪ’ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਭ ਤੋਂ ਘੱਟ ਵੋਟਾਂ ਆਮ ਆਦਮੀ ਪਾਰਟੀ ਨੂੰ ਸ਼ਾਹਕੋਟ ਹਲਕੇ ਤੋਂ ਪਈਆਂ ਹਨ। ਸ਼ਾਹਕੋਟ ਹਲਕੇ ਤੋਂ ‘ਆਪ’ ਸਿਰਫ਼ 13499 ਵੋਟਾਂ ਹੀ ਹਾਸਲ ਹੋ ਸਕੀਆਂ ਹਨ। ਉਥੇ ਹੀ 5 ਹਲਕੇ ਜਲੰਧਰ ਉੱਤਰੀ ਵਿਚ ਅਵਤਾਰ ਜੂਨੀਅਰ (ਕਾਂਗਰਸ), ਜਲੰਧਰ ਕੈਂਟ ਵਿਚ ਪਰਗਟ ਸਿੰਘ (ਕਾਂਗਰਸ), ਫਿਲੌਰ ਵਿਚ ਵਿਕਰਮਜੀਤ ਸਿੰਘ ਚੌਧਰੀ (ਕਾਂਗਰਸ), ਸ਼ਾਹਕੋਟ ਹਰਦੇਵ ਸਿੰਘ ਲਾਡੀ (ਕਾਂਗਰਸ) ਅਤੇ ਆਦਮਪੁਰ ਵਿਚ ਸੁਖਵਿੰਦਰ ਸਿੰਘ ਕੋਟਲੀ ਕਾਂਗਰਸ ਦੇ ਵਿਧਾਇਕ ਹਨ।