#PUNJAB

ਜਲੰਧਰ ਪੱਛਮੀ ਵਿਧਾਨ ਸਭਾ ਸੀਟ ਜ਼ਿਮਨੀ ਚੋਣ : ਚੋਣਾਂ ਤੱਕ ਮੁੱਖ ਮੰਤਰੀ ਜਲੰਧਰ ਛਾਉਣੀ ਦੇ ਦੀਪ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਰਹਿਣਗੇ!

ਜਲੰਧਰ, 15 ਜੂਨ (ਪੰਜਾਬ ਮੇਲ)-  ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫ਼ੈਸਲਾ ਲਿਆ ਹੈ। ਜ਼ਿਮਨੀ ਚੋਣ ਦੇ ਮੈਦਾਨ ਵਿਚ ਡਟਣ ਲਈ ਮੁੱਖ ਮੰਤਰੀ ਨੇ ਜਲੰਧਰ ਵਿਚ ਕਿਰਾਏ ਦਾ ਮਕਾਨ ਲੈ ਲਿਆ ਹੈ। ਜਿੱਥੇ ਉਹ ਪਰਿਵਾਰ ਸਮੇਤ ਰਹਿਣਗੇ। ਮਿਲੀ ਜਾਣਕਾਰੀ ਮੁਤਾਬਕ ਮੁੱਖ ਭਗਵੰਤ ਸਿੰਘ ਮਾਨ ਨੇ ਦੀਪ ਨਗਰ ‘ਚ ਕਿਰਾਏ ਦਾ ਮਕਾਨ ਲੈ ਕੇ ਜ਼ਿਮਨੀ ਚੋਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।  ਸੂਤਰਾਂ ਮੁਤਾਬਕ ਮੁੱਖ ਮੰਤਰੀ ਹੁਣ ਚੋਣਾਂ ਖ਼ਤਮ ਹੋਣ ਤੱਕ ਜਲੰਧਰ ਛਾਉਣੀ ਦੇ ਦੀਪ ਨਗਰ ਵਿਚ ਹੀ ਕਿਰਾਏ ਦੇ ਮਕਾਨ ਵਿਚ ਰਹਿਣਗੇ। ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਉਨ੍ਹਾਂ ਦੇ ਨਾਲ ਹੀ ਰਹਿਣਗੀਆਂ। ਮੁੱਖ ਮੰਤਰੀ ਜਲਦ ਹੀ ਦੀਪ ਨਗਰ ਸ਼ਿਫਟ ਹੋ ਜਾਣਗੇ। ਇਹ ਫੈਸਲਾ ਕੱਲ੍ਹ ਚੰਡੀਗੜ੍ਹ ਵਿਚ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਦੱਸਣਯੋਗ ਹੈ ਕਿ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਲਈ 10 ਜੁਲਾਈ ਨੂੰ ਵੋਟਿੰਗ ਹੋਵੇਗੀ, ਜਦਕਿ ਨਤੀਜੇ 13 ਜੁਲਾਈ ਨੂੰ ਐਲਾਨੇ ਜਾਣਗੇ। ਨਾਮਜ਼ਦਗੀਆਂ 21 ਜੂਨ ਤੱਕ ਭਰੀਆਂ ਜਾਣਗੀਆਂ। ਇਹ ਸੀਟ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਹੈ। ਸ਼ੀਤਲ ਅੰਗੁਰਾਲ ਨੇ 2022 ‘ਚ ‘ਆਪ’ ਦੀ ਟਿਕਟ ‘ਤੇ ਇਸ ਸੀਟ ਤੋਂ ਚੋਣ ਲੜੀ ਸੀ। ਜਿਸ ਵਿਚ ਉਹ ਜਿੱਤ ਗਏ ਸਨ। ਲੋਕ ਸਭਾ ਚੋਣਾਂ ਦੌਰਾਨ ਉਹ ਅਸਤੀਫਾ ਦੇ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ।