ਜਲੰਧਰ, 10 ਜੁਲਾਈ (ਪੰਜਾਬ ਮੇਲ)- ਜਲੰਧਰ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਸ਼ਾਂਤੀਪੂਰਨ ਮੁਕੰਮਲ ਹੋ ਗਈਆਂ। ਵੋਟਰਾਂ ਨੇ ਆਪਣੀਆਂ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਸਵੇਰ ਤੋਂ ਹੀ ਲੋਕ ਵੱਖ-ਵੱਖ ਬੂਥਾਂ ‘ਤੇ ਲਾਈਨਾਂ ਵਿਚ ਲੱਗਣੇ ਸ਼ੁਰੂ ਹੋ ਗਏ ਸਨ।
ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਨੁਸਾਰ ਇਹ ਜ਼ਿਮਨੀ ਚੋਣ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਗਈਆਂ ਹਨ। ਇਸ ਵਿਧਾਨ ਸਭਾ ਹਲਕੇ ਵਿਚ 1 ਲੱਖ 71 ਹਜ਼ਾਰ 963 ਵੋਟਰ ਹਨ, ਜਿਨ੍ਹਾਂ ਨੇ 89629 ਮਰਦ ਅਤੇ 82326 ਔਰਤਾਂ ਸ਼ਾਮਲ ਸਨ। ਇਸ ਦੇ ਲਈ 181 ਪੋਲਿੰਗ ਬੂਥ ਬਣਾਏ ਗਏ ਸਨ। ਵੱਖ-ਵੱਖ ਉਮੀਦਵਾਰਾਂ ਦੀ ਕਿਸਮਤ ਈ.ਵੀ.ਐੱਮ. ‘ਚ ਕੈਦ ਹੋ ਗਈਆਂ ਹਨ।
ਇਨ੍ਹਾਂ ਚੋਣਾਂ ਵਿਚ ਕਾਂਗਰਸ ਵੱਲੋਂ ਸੁਰਿੰਦਰ ਕੌਰ, ‘ਆਪ’ ਵੱਲੋਂ ਮੋਹਿੰਦਰ ਭਗਤ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਰਜੀਤ ਕੌਰ, ਬਸਪਾ ਦੇ ਬਿੰਦਰ ਲੱਖਾ, ਭਾਜਪਾ ਦੇ ਸ਼ੀਤਲ ਅੰਗੂਰਾਲ ਤੋਂ ਇਲਾਵਾ ਕੁੱਝ ਹੋਰ ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪੋ-ਆਪਣੇ ਚੋਣ ਬੂਥ ਲਗਾਏ ਗਏ ਸਨ। ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ। ਚੋਣਾਂ ਦੇ ਨਤੀਜੇ 13 ਜੁਲਾਈ ਨੂੰ ਆਉਣਗੇ। ਉਸ ਸਮੇਂ ਹੀ ਪਤਾ ਲੱਗੇਗਾ ਕਿ ਜਲੰਧਰ ਪੱਛਮੀ ਜ਼ਿਮਨੀ ਚੋਣ ‘ਚ ਜਨਤਾ ਨੇ ਕਿਸ ਉਮੀਦਵਾਰ ਨੂੰ ਵਿਧਾਇਕ ਦਾ ਤਾਜ ਪਹਿਨਾਇਆ ਹੈ।
ਜ਼ਿਕਰਯੋਗ ਹੈ ਕਿ ਸਾਲ 2022 ‘ਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜ ਕੇ ਸ਼ੀਤਲ ਅੰਗੂਰਾਲ ਜਲੰਧਰ ਵੈਸਟ ਤੋਂ ਵਿਧਾਇਕ ਬਣੇ ਸਨ ਪਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ‘ਚ ਸ਼ਾਮਲ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤਾ ਸੀ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੇ ਅਸਤੀਫ਼ਾ ਵਾਪਸ ਲੈਣ ਚਾਹਿਆ ਪਰ ਇਸ ਤੋਂ ਪਹਿਲਾਂ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਹੋ ਚੁੱਕਾ ਸੀ। ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਭਾਜਪਾ ‘ਚ ਸ਼ਾਮਲ ਹੋਣ ਉਪਰੰਤ ਅਸਤੀਫ਼ਾ ਦੇਣ ਕਾਰਨ ਇਹ ਸੀਟ ਖਾਲੀ ਹੋਈ ਸੀ। ਇਸ ਲਈ ਇਸ ‘ਤੇ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ।