#PUNJAB

ਜਲੰਧਰ ਜ਼ਿਮਨੀ ਚੋਣ: ਕਾਂਗਰਸ ਨੂੰ ਨਹੀਂ ਮਿਲ ਰਿਹੈ ਮਜ਼ਬੂਤ ਉਮੀਦਵਾਰ

ਜਲੰਧਰ, 19 ਜੂਨ (ਪੰਜਾਬ ਮੇਲ)- ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਐਲਾਨ ਹੋਣ ਦੇ ਬਾਵਜੂਦ ਕਾਂਗਰਸ ਨੂੰ ਅਜੇ ਤੱਕ ਕੋਈ ਅਜਿਹਾ ਮਜ਼ਬੂਤ ਚਿਹਰਾ ਨਹੀਂ ਮਿਲ ਰਿਹਾ, ਜਿਸ ਨੂੰ ਉਹ ਚੋਣ ਮੈਦਾਨ ਵਿਚ ਉਤਾਰ ਸਕੇ। ਹਾਲਾਂਕਿ 21 ਟਿਕਟਾਂ ਦੇ ਦਾਅਵੇਦਾਰਾਂ ‘ਚ ਆਖਰੀ ਪੇਚ ਨਗਰ ਨਿਗਮ ਦੀ ਸਾਬਕਾ ਸੀਨੀ. ਡਿਪਟੀ ਮੇਅਰ ਸੁਰਿੰਦਰ ਕੌਰ ਅਤੇ ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਕੁਮਾਰ ਵਿਚਾਲੇ ਹੀ ਫਸਿਆ ਮੰਨਿਆ ਜਾ ਰਿਹਾ ਹੈ।
ਬੀਤੇ ਦਿਨੀਂ ਸਾਰਾ ਦਿਨ ਕਾਂਗਰਸ ਦੇ ਸੀਨੀਅਰ ਆਗੂ ਇਹ ਦਾਅਵੇ ਕਰਦੇ ਰਹੇ ਕਿ ਹਾਈਕਮਾਂਡ ਸ਼ਾਮ ਤੱਕ ਉਮੀਦਵਾਰਾਂ ਦੀ ਚੋਣ ਕਰਕੇ ਉਨ੍ਹਾਂ ਦੇ ਨਾਵਾਂ ਦਾ ਐਲਾਨ ਕਰ ਦੇਵੇਗੀ ਪਰ ਦਿਨ ਭਰ ਇਕ-ਦੂਜੇ ਦੀ ਨਬਜ਼ ਟਟੋਲਦੇ ਦਾਅਵੇਦਾਰ ਦੇਰ ਸ਼ਾਮ ਤੱਕ ਕਾਫ਼ੀ ਬੇਚੈਨ ਨਜ਼ਰ ਆਏ। ਭਾਵੇਂ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖਰੀ ਮਿਤੀ 21 ਜੂਨ ਹੈ ਪਰ ਭਾਜਪਾ ਉਮੀਦਵਾਰ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਤੇ ‘ਆਪ’ ਦੇ ਉਮੀਦਵਾਰ ਮਹਿੰਦਰ ਭਗਤ ਨੇ ਆਪਣੇ ਨਾਵਾਂ ਦਾ ਐਲਾਨ ਹੋਣ ਤੋਂ ਬਾਅਦ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
ਜਾਪਦਾ ਹੈ ਕਿ ਦਾਅਵੇਦਾਰਾਂ ਦੀ ਫ਼ੌਜ ਖੜ੍ਹੀ ਕਰਨ ਤੋਂ ਬਾਅਦ ਕਾਂਗਰਸੀ ਆਗੂ ਹੁਣ ਇਕ ਹੀ ਨਾਂ ‘ਤੇ ਆਪਣੀ ਮੋਹਰ ਲਾਉਣ ਤੋਂ ਡਰ ਰਹੇ ਹਨ ਕਿ ਟਿਕਟ ਤੋਂ ਲਾਂਭੇ ਕੀਤੇ ਗਏ ਦਾਅਵੇਦਾਰ ਪਾਰਟੀ ਉਮੀਦਵਾਰ ਵਿਰੁੱਧ ਬਗਾਵਤ ਕਰ ਸਕਦੇ ਹਨ ਜਾਂ ਪਾਰਟੀ ਉਮੀਦਵਾਰ ਖ਼ਿਲਾਫ਼ ਵਿਸ਼ਵਾਸਘਾਤ ਕਰਕੇ ਜ਼ਿਮਨੀ ਚੋਣ ‘ਚ ਕਿਤੇ ਨੁਕਸਾਨ ਨਾ ਪਹੁੰਚਾ ਦੇਣ। ਇਸੇ ਲੜੀ ਤਹਿਤ ਬੀਤੇ ਦਿਨੀਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਹਲਕਾ ਪੱਛਮੀ ਦਾ ਦੌਰਾ ਕਰਕੇ ਟਿਕਟ ਦੇ ਦਾਅਵੇਦਾਰਾਂ ਦੇ ਘਰ-ਘਰ ਜਾ ਕੇ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨ. ਸਕੱਤਰ ਮਨੂ ਵੜਿੰਗ ਵੀ ਮੌਜੂਦ ਸਨ।
ਕਾਂਗਰਸ ਭਾਵੇਂ ਇਸ ਨੂੰ ਧੰਨਵਾਦ ਯਾਤਰਾ ਕਹਿ ਰਹੀ ਹੈ ਪਰ ਪਰਦੇ ਪਿੱਛੇ ਦੀ ਕਹਾਣੀ ਕੁਝ ਵੱਖਰਾ ਹੀ ਬਿਆਨ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸੰਸਦ ਮੈਂਬਰ ਚੰਨੀ ਨੇ ਕਿਸੇ ਇਕ ਉਮੀਦਵਾਰ ਦਾ ਐਲਾਨ ਕਰਨ ਤੋਂ ਪਹਿਲਾਂ ਦਾਅਵੇਦਾਰਾਂ ਦੇ ਘਰ ਜਾ ਕੇ ਸੰਭਾਵੀ ਬਗਾਵਤ ਦੀਆਂ ਸੰਭਾਵਨਾਵਾਂ ਨੂੰ ਖ਼ਤਮ ਕਰਨ ਦੀ ਰਣਨੀਤੀ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨੀਂ ਚੰਨੀ ਤੇ ਬੇਰੀ ਸੂਬਾ ਕਾਂਗਰਸ ਕਾਰਜਕਾਰਨੀ ਮੈਂਬਰ ਵਿਕਾਸ ਸੰਗਰ, ਸੂਬਾ ਕਾਂਗਰਸ ਸਕੱਤਰ ਸੁਰਿੰਦਰ ਚੌਧਰੀ, ਸੀਨੀ. ਕਾਂਗਰਸੀ ਆਗੂ ਗੁਲਜ਼ਾਰੀ ਲਾਲ ਸਾਰੰਗਲ, ਅਸ਼ਵਨੀ ਜੰਗਰਾਲ, ਸਾਬਕਾ ਕੌਂਸਲਰ ਰਾਜੀਵ ਟਿੱਕਾ, ਸਾਬਕਾ ਕੌਂਸਲਰ ਪਤੀ ਬਲਬੀਰ ਅੰਗੁਰਾਲ ਦੇ ਘਰ ਪੁੱਜੇ। ਲੋਕ ਸਭਾ ਚੋਣਾਂ ‘ਚ ਉਪਰੋਕਤ ਆਗੂਆਂ ਦੀ ਸਖ਼ਤ ਮਿਹਨਤ ਲਈ ਧੰਨਵਾਦ ਪ੍ਰਗਟ ਕਰਦਿਆਂ ਚੰਨੀ ਨੇ ਉਨ੍ਹਾਂ ਨੂੰ ਜ਼ਿਮਨੀ ਚੋਣਾਂ ‘ਚ ਆਪਣੇ ਵਿਰੋਧੀਆਂ ਨਾਲ ਡੱਟ ਕੇ ਮੁਕਾਬਲਾ ਕਰਨ ਅਤੇ ਕਾਂਗਰਸ ਦਾ ਝੰਡਾ ਬੁਲੰਦ ਕਰਨ ਦਾ ਸੱਦਾ ਦਿੱਤਾ। ਜ਼ਿਮਨੀ ਚੋਣਾਂ ‘ਚ ਵੋਟਾਂ ਪੈਣ ‘ਚ ਸਿਰਫ਼ ਕੁੱਝ ਦਿਨ ਬਾਕੀ ਹਨ ਅਤੇ ਕਾਂਗਰਸ ਲੋਕ ਸਭਾ ਚੋਣਾਂ ਇੰਨੀ ਸ਼ਾਨ ਨਾਲ ਜਿੱਤਣ ਤੋਂ ਬਾਅਦ ਹੁਣ ਆਪਣੇ ਉਮੀਦਵਾਰਾਂ ਦੇ ਐਲਾਨ ‘ਚ ਕਾਫ਼ੀ ਪੱਛੜ ਕੇ ਖ਼ੁਦ ਨੂੰ ਆਪਣੀ ਕਿਰਕਰੀ ਕਰਵਾ ਰਹੀ ਹੈ।