– ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਕਾਰਨ ਪੈਦਾ ਹੋਈ ਸਥਿਤੀ
– 5 ਉਪ ਚੋਣਾਂ ਦੀ ਸੀ ਉਮੀਦ
ਜਲੰਧਰ, 12 ਜੂਨ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਲੋਕ ਸਭਾ ਦੀਆਂ ਚੋਣਾਂ ਖਤਮ ਹੁੰਦਿਆਂ ਸਾਰ ਹੀ ਜਲੰਧਰ ਪੱਛਮੀ ਵਿਧਾਨ ਸਭਾ ਤੋਂ ਚੋਣ ਦਾ ਐਲਾਨ ਕਰ ਦਿੱਤਾ ਹੈ। ਇਸ ਹਲਕੇ ਵਿਚ ਵੋਟਾਂ ਠੀਕ ਇੱਕ ਮਹੀਨੇ ਬਾਅਦ 10 ਜੁਲਾਈ ਨੂੰ ਪੈਣਗੀਆਂ। ਇਸ ਹਲਕੇ ਦੀ ਪ੍ਰਤੀਨਿਧਤਾ ਕਰਦੇ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਾਜਪਾ ਵਿਚ ਸ਼ਾਮਲ ਹੋਣ ਸਮੇਂ ਅਸਤੀਫਾ ਦੇ ਦਿੱਤਾ ਸੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ੀਤਲ ਅੰਗੁਰਾਲ ਦਾ ਅਸਤੀਫਾ ਪ੍ਰਵਾਨ ਕਰ ਲਿਆ। ਸਪੀਕਰ ਵੱਲੋਂ ਅਸਤੀਫਾ 30 ਮਈ ਨੂੰ ਸਵੀਕਾਰ ਕਰਨ ਦਾ ਐਲਾਨ ਕੀਤਾ ਗਿਆ ਸੀ, ਜਦੋਂਕਿ ਅੰਗੁਰਾਲ ਨੇ ਲੋਕ ਸਭਾ ਚੋਣਾਂ ਤੋਂ ਇਕ ਦਿਨ ਬਾਅਦ 2 ਜੂਨ ਨੂੰ ਆਪਣੇ ਅਸਤੀਫੇ ਦੇ ਕਾਗਜ਼ ਵਾਪਸ ਲੈਣ ਦੀ ਮੰਗ ਕੀਤੀ ਸੀ।
ਹੁਣ ਇਸ ਹਲਕੇ ਦੇ ਲੋਕਾਂ ਨੂੰ 2022 ਤੋਂ ਲੈ ਕੇ ਇਸ ਉਪ ਚੋਣ ਤੱਕ ਚਾਰ ਵਾਰ ਵੋਟਾਂ ਪਾਉਣ ਦਾ ਮੌਕਾ ਮਿਲੇਗਾ। ਸਾਲ 2022 ਦੀਆਂ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ ‘ਆਪ’ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਚੋਣ ਜਿੱਤੀ ਸੀ। ਉਨ੍ਹਾਂ ਨੇ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਹਰਾਇਆ ਸੀ। ਭਾਜਪਾ ਉਮੀਦਵਾਰ ਮਹਿੰਦਰ ਭਗਤ ਤੀਜੇ ਸਥਾਨ ‘ਤੇ ਰਹੇ ਸਨ। ਸ਼ੀਤਲ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਸ਼ੀਤਲ ਨੇ ਥੋੜ੍ਹੇ ਫਰਕ ਨਾਲ ਰਿੰਕੂ ਨੂੰ ਹਰਾਇਆ ਸੀ।
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਸਾਲ ਦਾ ਸਮਾਂ ਵੀ ਨਹੀਂ ਸੀ ਹੋਇਆ ਕਿ ਜਲੰਧਰ ਲੋਕ ਸਭਾ ਤੋਂ ਕਾਂਗਰਸ ਦੇ ਐੱਮ.ਪੀ. ਚੌਧਰੀ ਸੰਤੋਖ ਸਿੰਘ ਦੀ ਭਾਰਤ ਜੋੜੋ ਯਾਤਰਾ ਦੌਰਾਨ ਮੌਤ ਹੋ ਗਈ ਤੇ ਇਸ ਹਲਕੇ ਤੋਂ ਲੋਕ ਸਭਾ ਦੀ ਉਪ ਚੋਣ ਹੋਈ।
ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੀ ਹਾਲੇ ਥਕਾਵਟ ਨਹੀਂ ਸੀ ਉਤਰੀ ਕਿ ਉਪ ਚੋਣ ਦਾ ਐਲਾਨ ਹੋ ਗਿਆ ਹੈ। ਸਾਬਕਾ ਵਿਧਾਇਕ ਸ਼ੀਤਲ ਵੀ ਭਾਜਪਾ ਦੀ ਟਿਕਟ ‘ਤੇ ਇਸ ਵਾਰ ਮੁੜ ਚੋਣ ਲੜਨ ਲਈ ਆਸਵੰਦ ਦੱਸੇ ਜਾ ਰਹੇ ਹਨ। ਸਾਬਕਾ ਕੌਂਸਲਰ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਪਤਨੀ ਸੁਨੀਤਾ ਰਿੰਕੂ ਦੇ ਨਾਂ ਵੀ ਚਰਚਾ ਹੋ ਰਹੀ ਹੈ। ਦੱਸਣਾ ਬਣਦਾ ਹੈ ਕਿ ਸ਼ੀਤਲ ਅਤੇ ਰਿੰਕੂ ਹਮੇਸ਼ਾ ਹੀ ਇੱਕ ਦੂਜੇ ਦੇ ਕੱਟੜ ਦੁਸ਼ਮਣ ਰਹੇ ਹਨ, ਉਹ ਦੋ ਮਹੀਨੇ ਪਹਿਲਾਂ ਹੀ ਇਕੱਠੇ ਹੋਏ ਸਨ ਕਿਉਂਕਿ ਦੋਵਾਂ ਨੇ ਕ੍ਰਮਵਾਰ ‘ਆਪ’ ਦੇ ਮੌਜੂਦਾ ਵਿਧਾਇਕ ਅਤੇ ਮੌਜੂਦਾ ਸੰਸਦ ਮੈਂਬਰ ਵਜੋਂ ਪਾਰਟੀ ਛੱਡੀ ਤੇ ਭਾਜਪਾ ਵਿਚ ਸ਼ਾਮਲ ਹੋ ਗਏ।
ਸੂਬੇ ਦੀ ਸੱਤਾਧਾਰੀ ‘ਆਪ’ ਪਾਰਟੀ ਨੇ ਭਾਜਪਾ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਪੁੱਤਰ ਮਹਿੰਦਰ ਭਗਤ ਨੂੰ ਹਲਕਾ ਇੰਚਾਰਜ ਬਣਾਇਆ ਹੈ ਕਿਉਂਕਿ ਉਹ ਇੱਕ ਵੱਡੇ ਭਗਤ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨ।
‘ਆਪ’ ਨੇ ਹਾਲ ਹੀ ਵਿਚ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਦੇ ਦੂਰ ਦੇ ਰਿਸ਼ਤੇਦਾਰ ਰੌਬਿਨ ਸਾਂਪਲਾ ਨੂੰ ਵੀ ‘ਆਪ’ ਵਿਚ ਸ਼ਾਮਲ ਕੀਤਾ ਹੈ। ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਵੀ ਟਿਕਟ ਦੇ ਦਾਅਵੇਦਾਰ ਦੱਸੇ ਜਾ ਰਹੇ ਹਨ।
ਜਲੰਧਰ ਤੋਂ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਚੰਨੀ ਲਈ ਵੀ ਇਸ ਮੁਕਾਬਲੇ ਨੂੰ ਪਹਿਲੀ ਪ੍ਰੀਖਿਆ ਵਜੋਂ ਦੇਖਿਆ ਜਾ ਰਿਹਾ ਹੈ। ਹੁਣ ਤੱਕ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ ਦਾ ਨਾਂ ਸਭ ਤੋਂ ਅੱਗੇ ਹੈ। ਜਲੰਧਰ ਦੇ ਤਿੰਨ ਸ਼ਹਿਰੀ ਹਲਕਿਆਂ ਵਿਚੋਂ ਕਾਂਗਰਸ ਨੇ 1500 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਜਲੰਧਰ ਦੇ ਬਾਕੀ ਦੋ ਸ਼ਹਿਰੀ ਹਲਕਿਆਂ ਵਿਚ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ।
ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਚੋਂ ਪੰਜ ਜ਼ਿਮਨੀ ਚੋਣਾਂ ਦਾ ਐਲਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ, ਜਿਨ੍ਹਾਂ ਵਿਚ ਚੱਬੇਵਾਲ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਸ਼ਾਮਲ ਹਨ ਪਰ ਸਿਰਫ਼ ਜਲੰਧਰ ਪੱਛਮੀ ਦਾ ਹੀ ਐਲਾਨ ਹੋਇਆ ਹੈ। ਡਾ. ਰਾਜ ਕੁਮਾਰ ਚੱਬੇਵਾਲ ਜੋ ਹੁਸ਼ਿਆਰਪੁਰ ਦੀ ਰਾਖਵੀਂ ਚੱਬੇਵਾਲ ਵਿਧਾਨ ਸਭਾ ਸੀਟ ਤੋਂ ‘ਆਪ’ ਦੇ ਸੰਸਦ ਮੈਂਬਰ ਹਨ, ਨੇ ਦੋ ਮਹੀਨੇ ਪਹਿਲਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਿਆ ਹੈ ਪਰ ਉਨ੍ਹਾਂ ਦਾ ਅਸਤੀਫਾ ਹਾਲੇ ਪ੍ਰਵਾਨ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਮੀਤ ਹੇਅਰ, ਸੁਖਜਿੰਦਰ ਰੰਧਾਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਲੇ ਸੰਸਦ ਮੈਂਬਰ ਵਜੋਂ ਸਹੁੰ ਚੁੱਕਣੀ ਹੈ।