#PUNJAB

ਜਲੰਧਰ ‘ਚ N.R.I. ਦਾ ਕਤਲ ਕਰਨ ਵਾਲੇ ਮੁਲਜ਼ਮ ਨੇ ਕੀਤਾ ਸਰੰਡਰ; ਪਤਨੀ ਵੀ ਗ੍ਰਿਫ਼ਤਾਰ

ਜਲੰਧਰ, 12 ਦਸੰਬਰ (ਪੰਜਾਬ ਮੇਲ)- ਢਿੱਲਵਾਂ ਰੋਡ ‘ਤੇ ਸਥਿਤ ਇਕ ਮੈਰਿਜ ਪੈਲੇਸ ‘ਚ ਜਨਮ ਦਿਨ ਦੀ ਪਾਰਟੀ ਦੌਰਾਨ ਰਿਸ਼ਤੇਦਾਰਾਂ ਵਿਚ ਝਗੜੇ ਤੋਂ ਬਾਅਦ ਗੋਲੀਆਂ ਚੱਲ ਗਈਆਂ, ਜਿਸ ਦੌਰਾਨ 2 ਨੌਜਵਾਨਾਂ ਦੇ ਗੋਲੀ ਲੱਗੀ, ਜਿਸ ਨਾਲ ਇਕ ਐੱਨ.ਆਰ.ਆਈ. ਨੌਜਵਾਨ ਦੀ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਦਲਜੀਤ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਸੀ, ਜੋ ਅਮਰੀਕਾ ਦਾ ਸਿਟੀਜ਼ਨ ਸੀ। ਇਸ ਮਾਮਲੇ ਵਿਚ ਮੁਲਜ਼ਮ ਸੁਰਜੀਤ ਸਿੰਘ ਨੇ ਪੁਲਿਸ ਅੱਗੇ ਸਰੰਡਰ ਕਰ ਦਿੱਤਾ ਹੈ। ਇਹ ਵਿਅਕਤੀ ਮ੍ਰਿਤਕ ਦਲਜੀਤ ਸਿੰਘ ਦਾ ਸਾਂਢੂ ਹੈ।
ਜਾਣਕਾਰੀ ਮੁਤਾਬਕ ਜਨਮ ਦਿਨ ਪਾਰਟੀ ਦੌਰਾਨ ਹੋਈ ਲੜਾਈ ‘ਚ ਦਲਜੀਤ ਸਿੰਘ ਦੇ ਸਾਂਢੂ ਸੁਰਜੀਤ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਗੋਲੀ ਚਲਾਈ ਸੀ। ਡਾ. ਬੀ.ਐੱਸ. ਜੌਹਲ ਨੇ ਦੱਸਿਆ ਕਿ ਦਲਜੀਤ ਸਿੰਘ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਸੀ ਅਤੇ ਉਸ ਦੀ ਛਾਤੀ ਵਿਚ ਗੋਲੀ ਲੱਗੀ ਸੀ। ਇਲਾਜ ਸ਼ੁਰੂ ਹੋਣ ਤੋਂ 15 ਮਿੰਟ ਬਾਅਦ ਹੀ ਦਲਜੀਤ ਸਿੰਘ (35) ਨੇ ਦਮ ਤੋੜ ਦਿੱਤਾ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਰਾਮਾ ਮੰਡੀ ਦੇ ਮੁਖੀ ਰਵਿੰਦਰ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਵਿਚ ਸੁਰਜੀਤ ਸਿੰਘ ਨੇ ਪੁਲਿਸ ਅੱਗੇ ਸਰੰਡਰ ਕਰ ਦਿੱਤਾ। ਪੁਲਿਸ ਵੱਲੋਂ ਉਸ ਦਾ 2 ਦਿਨ ਦਾ ਰਿਮਾਂਡ ਵੀ ਲਿਆ ਗਿਆ ਹੈ। ਸੁਰਜੀਤ ਸਿੰਘ ਵੱਲੋਂ ਕਤਲ ਕਰਨ ਲਈ ਵਰਤੀ ਗਈ ਰਿਵਾਲਰ ਦੀ ਅਜੇ ਰਿਕਵਰੀ ਨਹੀਂ ਹੋਈ। ਇਸ ਤੋਂ ਇਲਾਵਾ ਸੁਰਜੀਤ ਸਿੰਘ ਦੀ ਪਤਨੀ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ ਤੇ ਪੁਲਿਸ ਨੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।