#PUNJAB

ਜਲੰਧਰ ‘ਚ ਡੀ.ਐੱਸ.ਪੀ. ਕਤਲ ਮਾਮਲੇ ‘ਚ ਇਕ Arrest

ਜਲੰਧਰ, 4 ਜਨਵਰੀ (ਪੰਜਾਬ ਮੇਲ)-ਕਮਿਸ਼ਨਰੇਟ ਪੁਲਿਸ ਨੇ 31 ਦਸੰਬਰ ਦੀ ਰਾਤ ਨੂੰ ਬਸਤੀ ਬਾਵਾ ਖੇਲ ਨਹਿਰ ਨੇੜੇ ਡੀ.ਐੱਸ.ਪੀ. ਦਲਬੀਰ ਸਿੰਘ ਦਿਓਲ ਅਰਜੁਨ ਐਵਾਰਡੀ ਦੇ ਕਤਲ ਕੇਸ ਨੂੰ ਟਰੇਸ ਕਰਦੇ ਹੋਏ ਦੋਸ਼ੀ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਲਾਂਬੜਾ ਨੇੜੇ ਪੈਂਦੇ ਥਾਣਾ ਸਦਰ ਜਮਸ਼ੇਰ ਦੇ ਪਿੰਡ ਪ੍ਰਤਾਪਪੁਰਾ ਦੇ ਰਹਿਣ ਵਾਲੇ ਵਿਜੇ ਕੁਮਾਰ ਵਜੋਂ ਹੋਈ ਹੈ। ਸੀ.ਆਈ.ਏ. ਸਟਾਫ਼, ਕ੍ਰਾਈਮ ਬ੍ਰਾਂਚ ਅਤੇ ਸਪੈਸ਼ਲ ਸੈੱਲ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ‘ਤੇ ਉਕਤ ਕਤਲ ਕੇਸ ਨੂੰ ਟਰੇਸ ਕੀਤਾ ਗਿਆ ਹੈ। ਡੀ.ਐੱਸ.ਪੀ. ਦੇ ਕਤਲ ਕੇਸ ਦੀਆਂ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆ ਗਈਆਂ ਹਨ, ਜਿਸ ਵਿਚ ਮੁਲਜ਼ਮ ਆਟੋ ਚਾਲਕ ਸਾਫ਼ ਵਿਖਾਈ ਦੇ ਰਿਹਾ ਹੈ।
ਪੁਲਿਸ ਨੇ ਦੋਸ਼ੀ ਵਿਜੇ ਕੁਮਾਰ ਦੇ ਕਬਜ਼ੇ ‘ਚੋਂ ਡੀ.ਐੱਸ.ਪੀ. ਦਿਓਲ ਦਾ ਪਿਸਤੌਲ ਵੀ ਬਰਾਮਦ ਹੋਇਆ ਹੈ। ਇਸ ਪਿਸਤੌਲ ਨਾਲ ਹੀ ਉਸ ਨੇ ਡੀ.ਐੱਸ.ਪੀ. ਦੇ ਸਿਰ ‘ਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ ਬਸਤੀ ਬਾਵਾ ਖੇਲ ਨਹਿਰ ਨੇੜੇ ਛੱਡ ਕੇ ਆਪਣੇ ਆਟੋ ‘ਚ ਮੌਕੇ ਤੋਂ ਫਰਾਰ ਹੋ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਡੀ.ਐੱਸ.ਪੀ. ਦਿਓਲ ਨੇ ਵਰਕਸ਼ਾਪ ਚੌਕ ‘ਤੇ ਪੁੱਜ ਕੇ ਇਥੇ ਮਾਮੇ ਦੇ ਢਾਬੇ ‘ਤੇ ਸ਼ਰਾਬ ਪੀਤੀ ਅਤੇ ਜਿਸ ਆਟੋ ‘ਚ ਉਹ ਵਰਕਸ਼ਾਪ ਚੌਂਕ ਗਿਆ ਸੀ, ਉਸ ਦਾ ਚਾਲਕ ਵਿਜੇ ਕੁਮਾਰ ਵੀ ਉਸ ਨਾਲ ਢਾਬੇ ‘ਤੇ ਬੈਠਾ ਸੀ।
ਇਸ ਗੱਲ ਦਾ ਖ਼ੁਲਾਸਾ ਮਾਮੇ ਦੇ ਢਾਬੇ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਨ ਤੋਂ ਬਾਅਦ ਹੋਇਆ। ਨਵਾਂ ਸਾਲ ਦਾ ਜਸ਼ਨ ਮਨਾਉਂਦਿਆਂ ਸ਼ਰਾਬ ਪੀਂਦੇ ਸਮੇਂ ਡੀ.ਐੱਸ.ਪੀ. ਦਿਓਲ ਦਾ ਆਟੋ ਚਾਲਕ ਨਾਲ ਝਗੜਾ ਹੋ ਗਿਆ ਸੀ। ਡੀ.ਐੱਸ.ਪੀ. ਦਾ ਵਿਵਹਾਰ ਚੰਗਾ ਨਾ ਵੇਖ ਕੇ ਆਟੋ ਚਾਲਕ ਨੇ ਉਸ ਦੇ ਹੀ ਪਿਸਤੌਲ ਨਾਲ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਵੀਰਵਾਰ ਅਧਿਕਾਰਤ ਤੌਰ ‘ਤੇ ਪ੍ਰੈੱਸ ਕਾਨਫ਼ਰੰਸ ਕਰਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਵਿਖਾ ਦਿੱਤੀ ਹੈ ਅਤੇ ਉਸ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਡੀ.ਐੱਸ.ਪੀ. ਦੇ ਕਤਲ ਸਬੰਧੀ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਜਲੰਧਰ ਸਵਰੂਪ ਸ਼ਰਮਾ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਸਬੰਧੀ ਪੂਰਾ ਖ਼ੁਲਾਸਾ ਕੀਤਾ ਹੈ।
ਜ਼ਿਕਰਯੋਗ ਹੈ ਕਿ 31 ਦਸੰਬਰ ਦੀ ਰਾਤ ਨੂੰ ਜਦੋਂ ਇਕ ਏ.ਐੱਸ.ਆਈ. ਆਪਣੀ ਡਿਊਟੀ ਖ਼ਤਮ ਕਰਕੇ ਘਰ ਜਾ ਰਿਹਾ ਸੀ, ਤਾਂ ਉਸ ਨੇ ਬਸਤੀ ਬਾਵਾ ਖੇਲ ਨਹਿਰ ਨੇੜੇ ਇਕ ਵਿਅਕਤੀ ਨੂੰ ਮ੍ਰਿਤਕ ਹਾਲਤ ‘ਚ ਪਿਆ ਵੇਖਿਆ ਅਤੇ ਆਲੇ-ਦੁਆਲੇ ਕਈ ਆਵਾਰਾ ਕੁੱਤੇ ਵੀ ਘੁੰਮ ਰਹੇ ਸਨ, ਜਿਨ੍ਹਾਂ ਦਾ ਉਸ ਨੇ ਉਥੋਂ ਪਿੱਛਾ ਕੀਤਾ ਅਤੇ ਮ੍ਰਿਤਕ ਵਿਅਕਤੀ ਨੂੰ ਉਥੇ ਪਿਆ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਥਾਣਾ ਸਦਰ-2 ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਜਾਂਚ ਕਰਨ ‘ਤੇ ਪਤਾ ਲੱਗਾ ਕਿ ਮ੍ਰਿਤਕ ਡੀ..ਐੱਸ. ਪੀ. ਦਲਬੀਰ ਸਿੰਘ ਦਿਓਲ ਹੈ ਅਤੇ ਉਸ ਦਾ ਕਤਲ ਕੀਤਾ ਗਿਆ ਹੈ।
ਕਿਹਾ ਜਾ ਰਿਹਾ ਹੈ ਕਿ ਜੇਕਰ ਏ.ਐੱਸ.ਆਈ. ਬਸਤੀ ਬਾਵਾ ਖੇਲ ਨਹਿਰ ਕੋਲ ਪਏ ਡੀ.ਐੱਸ.ਪੀ. ਦਿਓਲ ਦੀ ਸੂਚਨਾ ਪੁਲਿਸ ਨੂੰ ਨਾ ਦਿੰਦਾ ਤਾਂ ਆਵਾਰਾ ਕੁੱਤਿਆਂ ਨੇ ਡੀ.ਐੱਸ.ਪੀ. ਦੀ ਲਾਸ਼ ਨੂੰ ਨੋਚ-ਨੋਚ ਕੇ ਉਸ ਦੀ ਹਾਲਤ ਵਿਗਾੜ ਦੇਣੀ ਸੀ, ਜਿਸ ਕਾਰਨ ਪੁਲਿਸ ਲਈ ਉਸ ਦੀ ਸ਼ਨਾਖਤ ਕਰਨੀ ਬਹੁਤ ਮੁਸ਼ਕਿਲ ਹੋ ਸਕਦੀ ਸੀ। ਏ.ਐੱਸ.ਆਈ. ਕਾਰਨ ਪੁਲਿਸ ਕੋਲ ਡੀ.ਐੱਸ.ਪੀ. ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।