#CANADA

ਜਰਨੈਲ ਆਰਟ ਅਕੈਡਮੀ ਦੇ ਬੱਚਿਆਂ ਦੀ ਚਿੱਤਰਕਲਾ ਪ੍ਰਦਰਸ਼ਨੀ ਨੇ ਦਰਸ਼ਕ ਮੋਹੇ

ਸਰੀ, 20 ਦਸੰਬਰ (ਹਰਦਮ ਮਾਨ/ਪੰਜਾਬ ਮੇਲ)- ਬੀਤੇ ਦਿਨੀਂ ਜਰਨੈਲ ਆਰਟਸ ਅਕੈਡਮੀ ‘ਚ ਸਿੱਖਿਅਤ ਬੱਚਿਆਂ ਦੀ ਦੋ ਦਿਨਾਂ ਚਿੱਤਰਕਲਾ ਪ੍ਰਦਰਸ਼ਨੀ ਲਾਈ ਗਈ। ਇਹ ਚਿੱਤਰਕਲਾ ਪ੍ਰਦਰਸ਼ਨੀ ਸਿੱਖ ਇਤਿਹਾਸ ਦੇ ਨਾਮਵਰ ਚਿਤਰਕਾਰ ਸਵ. ਕ੍ਰਿਪਾਲ ਸਿੰਘ ਨੂੰ ਸਮਰਪਿਤ ਰਹੀ। ਵਰਨਣਯੋਗ ਹੈ ਕਿ ਸਿੱਖ ਇਤਿਹਾਸ ਤੇ ਪੰਜਾਬੀ ਸੱਭਿਆਚਾਰ ਦੇ ਨਾਮਵਰ ਚਿਤਰਕਾਰ ਜਰਨੈਲ ਸਿੰਘ ਤੇ ਉਨ੍ਹਾਂ ਦੀ ਪਤਨੀ ਬਲਜੀਤ ਕੌਰ ਬੱਚਿਆਂ ਨੂੰ ਲਗਾਤਾਰ ਆਰਟ ਸਿਖਲਾਈ ਦੇ ਰਹੇ ਹਨ। ਇਹ ਪ੍ਰਦਰਸ਼ਨੀ ਉਨ੍ਹਾਂ ਦੇ ਵਿਦਿਆਰਥੀਆਂ ਦੀ ਕਲਾ ਦੀ ਪਹਿਲੀ ਪ੍ਰਦਰਸ਼ਨੀ ਸੀ, ਜੋ ਉਨ੍ਹਾਂ ਦੀ ਆਰਟ ਗੈਲਰੀ ਵਿਚ ਲਾਈ ਗਈ।
ਇਸ ਪ੍ਰਦਰਸ਼ਨੀ ਦੇ ਉਦਘਾਟਨੀ ਮੌਕੇ ਸ਼ਾਇਰ ਮੋਹਨ ਗਿੱਲ ਨੇ ਦੱਸਿਆ ਕਿ 2004 ਤੋਂ ਸ਼ੁਰੂ ਹੋਈ ਇਸ ਅਕੈਡਮੀ ਵਿਚ ਜਰਨੈਲ ਸਿੰਘ ਨੇ ਜਿਸ ਤਰ੍ਹਾਂ ਅਪਣੇ ਪਿਤਾ ਤੇ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਨੀ ਚਿੱਤਰਕਾਰ ਸ. ਕਿਰਪਾਲ ਸਿੰਘ ਤੋਂ ਕਲਾ ਦੀ ਜੋਤ ਲੈ ਕੇ ਅੱਗੇ ਜਗਾਈ ਹੈ, ਉਸੇ ਤਰ੍ਹਾਂ ਉਹ ਹੁਣ ਕੈਨੇਡਾ ਦੀ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਕਲਾ ਦੀ ਜਾਗ ਲਾ ਰਹੇ ਹਨ। ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਜਦੋਂ ਵੀ ਗੈਲਰੀ ਵਿਚ ਆਉਂਦੇ ਹਾਂ, ਇੱਥੇ ਆ ਕੇ ਸਕੂਨ ਮਹਿਸੂਸ ਹੁੰਦਾ ਹੈ। ਬਹੁਤੇ ਕਲਾਕਾਰ ਅਪਣੇ ਤੱਕ ਹੀ ਸੀਮਤ ਰਹਿੰਦੇ ਹਨ ਪਰ ਜਰਨੈਲ ਸਿੰਘ ਤੇ ਬਲਜੀਤ ਕੌਰ ਅਤੇ ਉਨ੍ਹਾਂ ਦੀ ਬੇਟੀ ਨੀਤੀ ਸਿੰਘ ਨੇ ਅਪਣੀ ਕਲਾ ਦਾ ਪ੍ਰਸਾਰ ਅੱਗੇ ਕੀਤਾ ਹੈ, ਜੋ ਇਕ ਵਧੀਆ ਉਦਮ ਹੈ। ਬਲਬੀਰ ਸਿੰਘ ਸੰਘਾ ਨੇ ਸਿੱਖ ਇਤਿਹਾਸਕ ਵਿਰਸੇ ਦੀ ਯਾਦ ਕਰਾਉਂਦੀਆਂ ਕਿਰਤਾਂ ਦੀ ਸ਼ਲਾਘਾ ਕੀਤੀ ਤੇ ਨਵੀਂ ਪੀੜ੍ਹੀ ਨੂੰ ਇਸ ਨਾਲ ਜੋੜਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਪ੍ਰਦਰਸ਼ਨੀ ‘ਚ 24 ਕਲਾਕਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿਚ ਬਹੁਤ ਛੋਟੇ ਬੱਚਿਆਂ ਤੋਂ ਲੈ ਕੇ ਬਾਲਗ ਉਮਰ ਤੱਕ ਦੇ ਕਲਾਕਾਰ ਸ਼ਾਮਲ ਸਨ। 35 ਕਿਰਤਾਂ ਦੀ ਇਸ ਪ੍ਰਦਰਸ਼ਨੀ ‘ਚ ਬਹੁਭਾਂਤੀ ਵਿਸ਼ਾ-ਵਸਤੂ ਪੇਸ਼ ਕੀਤੇ ਗਏ। ਕਾਰਜ-ਕੁਸ਼ਲਤਾ ਅਤੇ ਪ੍ਰਬੀਨਤਾ ਨਾਲ ਚਿਤਰੇ ਫੁੱਲ ਬੂਟੇ, ਗੁਲਦਸਤੇ, ਧਰਤ ਦ੍ਰਿਸ਼, ਪੋਰਟਰੇਟ ਤੇ ਜੰਗਲੀ ਜੀਵ ਦੇ ਚਿਤਰਾਂ ਨੇ ਸਭ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਗੀਤਾ ਮਿਸ਼ਰਾ, ਸ਼ੁਭਪ੍ਰੀਤ ਕੌਰ ਖੋਸਾ, ਸਵਤੰਤਰ ਸਿੰਘ ਖੋਸਾ, ਗੌਰੀ ਸ਼ਰਮਾ, ਅਵਨੀਤ ਤੂਰ ਦਾ ਕੰਮ ਵਿਸ਼ੇਸ਼ ਜ਼ਿਕਰਯੋਗ ਹੈ। ਅਨਮੋਲ ਰਾਇ, ਅਨੂਪ ਰਾਇ, ਅਰਪਨ ਸਿਧੂ, ਬੰਧਨਾ ਬਦੇਸ਼ਾ, ਜਸਨੂਰ ਸੰਘਾ, ਜੀਵਨਜੋਤ ਮਿਨਹਾਸ, ਕਿਰਨਜੋਤ ਦਿਗਨ, ਮੰਨਤ ਗਿਲ, ਪਰਨੂਰ ਸੁੰਨਰ, ਸੁਖਮਨੀ ਸਿੱਧੂ, ਤਰਨਦੀਪ ਗਿੱਲ ਦੀਆਂ ਕਲਾ ਕਿਰਤਾਂ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ।
ਇਸ ਮੌਕੇ ਕਲਾਕਾਰਾਂ ਅਤੇ ਦਰਸ਼ਕਾਂ ਨੂੰ ਸੰਬੋਧਿਤ ਕਰਦਿਆਂ ਚਿਤਰਕਾਰ ਜਰਨੈਲ ਸਿੰਘ ਨੇ ਦੱਸਿਆ ਕਿ ਚਿੱਤਰਕਲਾ, ਸੰਗੀਤ, ਸਾਹਿਤ, ਇਹ ਸਾਰੀਆਂ ਕਲਾਵਾਂ ਮਨੁੱਖ ਦੇ ਜੀਵਨ ਨੂੰ ਮਾਨਣਯੋਗ ਬਣਾਉਂਦੀਆਂ ਹਨ ਅਤੇ ਅਰਥ ਪ੍ਰਦਾਨ ਕਰਨ ਦੇ ਨਾਲ-ਨਾਲ ਜੀਵਨ ‘ਚ ਅਤਿ ਲੋੜੀਦੀਆਂ ਭਾਵਨਾਵਾਂ ਜਿਵੇਂ ਸਹਿਣ ਸ਼ਕਤੀ, ਨਿਸਚੇ ਵੱਲ ਫੋਕਸ ਤੇ ਜੀਵਨ ਵਿਚ ਡਸਿਪਲਨ ਸਿਖਾਉਂਦੀਆਂ ਹਨ। ਅਖੀਰ ਵਿਚ ਸਾਰੇ ਬਾਲ ਕਲਾਕਾਰਾਂ ਨੂੰ ਸਨਮਾਨ ਪੱਤਰ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ।