#PUNJAB

ਜਰਖੜ ਖੇਡਾਂ 2024: ਓਲੰਪੀਅਨ ਪ੍ਰਿਥੀਪਲ ਸਿੰਘ ਹਾਕੀ ਫੈਸਟੀਵਲ 4 ਮਈ ਤੋਂ; ਫਾਈਨਲ 9 ਜੂਨ ਨੂੰ,

ਸੀਨੀਅਰ ਅਤੇ ਜੂਨੀਅਰ ਵਰਗ ਵਿਚ ਕੁੱਲ 16 ਟੀਮਾਂ ਹਿੱਸਾ ਲੈਣਗੀਆਂ
ਲੁਧਿਆਣਾ, 29 ਅਪ੍ਰੈਲ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਜਰਖੜ ਖੇਡਾਂ ਦੀ ਕੜੀ ਦਾ 14ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 4 ਮਈ ਤੋਂ ਜਰਖੜ ਖੇਡ ਸਟੇਡੀਅਮ ਵਿਖੇ ਸ਼ੁਰੂ ਹੋਵੇਗਾ ਤੇ ਇਸ ਹਾਕੀ ਫੈਸਟੀਵਲ ਦੇ ਫਾਈਨਲ ਮੁਕਾਬਲੇ 9 ਜੂਨ ਨੂੰ ਖੇਡੇ ਜਾਣਗੇ। ਇਸ ਹਫਤਾਵਰੀ ਹਾਕੀ ਲੀਗ ਵਿਚ ਜੂਨੀਅਰ ਅਤੇ ਸੀਨੀਅਰ ਵਰਗ ਦੀਆਂ ਕੁੱਲ 16 ਟੀਮਾਂ ਹਿੱਸਾ ਲੈਣਗੀਆਂ। ਇਸ ਫੈਸਟੀਵਲ ਦੇ ਮੁਕਾਬਲੇ ਹਰ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਖੇਡੇ ਜਾਣਗੇ।
ਜਰਖੜ ਟਰੱਸਟ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ,  ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰ ਵਰਗ ਵਿਚ ਹਿੱਸਾ ਲੈ ਰਹੀਆਂ 8 ਟੀਮਾਂ ਨੂੰ 2 ਪੂਲਾਂ ਵਿਚ ਵੰਡਿਆ ਗਿਆ ਹੈ। ਪੂਲ ਏ ਵਿਚ ਪਿਛਲੇ ਸਾਲ ਦੀ ਉਪ ਜੇਤੂ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ, ਸਪੋਰਟਸ ਸੈਂਟਰ ਕਿਲ੍ਹਾ ਰਾਏਪੁਰ, ਅਮਰਗੜ੍ਹ ਸੈਂਟਰ ਮਲੇਰਕੋਟਲਾ ਅਤੇ ਜਰਖੜ ਹਾਕੀ ਅਕੈਡਮੀ, ਜਦਕਿ ਪੂਲ ਬੀ ਵਿਚ ਪਿਛਲੇ ਸਾਲ ਦੀ ਚੈਂਪੀਅਨ ਐੱਚ.ਟੀ.ਸੀ. ਸੈਂਟਰ ਰਾਮਪੁਰ, ਸਟਿੱਕ ਸਟਾਰ ਬੇਕਰਜ਼ਫੀਲਡ ਕੈਲੀਫੋਰਨੀਆ, ਏਕ ਨੂਰ ਅਕੈਡਮੀ ਤੇਹਿੰਗ ਅਤੇ ਜੰਗ ਕਲੱਬ ਉਟਾਲਾ ਖੇਡਣਗੀਆਂ, ਜਦਕਿ ਸਬ ਜੂਨੀਅਰ ਵਰਗ ਅੰਡਰ 14 ਸਾਲ ਜਿਸ ਵਿਚ 1-1-2011 ਤੋਂ ਬਾਅਦ ਦੇ ਜਨਮੇ ਖਿਡਾਰੀ ਖੇਡਣਗੇ। ਸਬ ਜੂਨੀਅਰ ਵਰਗ ਵਿਚ ਪੂਲ ਏ ਵਿਚ ਪਿਛਲੇ ਸਾਲ ਦੀ ਚੈਂਪੀਅਨ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ, ਸਪੋਰਟ ਸੈਂਟਰ ਕਿਲ੍ਹਾ ਰਾਇਪੁਰ, ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਅਤੇ ਘਵੱਦੀ ਹਾਕੀ ਸੈਂਟਰ ਖੇਡਣਗੇ, ਜਦਕਿ ਪੂਲ ਬੀ ਵਿਚ ਭਵਾਨੀਗੜ੍ਹ, ਐੱਚ.ਟੀ.ਸੀ. ਰਾਮਪੁਰ, ਏਕ ਨੂਰ ਅਕੈਡਮੀ ਤੇਹਿੰਗ ਅਤੇ ਜਰਖੜ ਅਕੈਡਮੀ ਨੂੰ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਹਾਕੀ ਫੈਸਟੀਵਲ ਦੇ ਮੁਕਾਬਲੇ ਹਰ ਹਫਤੇ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਹੋਇਆ ਕਰਨਗੇ, ਜਿਨ੍ਹਾਂ ਵਿਚ ਪਹਿਲੇ ਗੇੜ ਦੇ ਮੁਕਾਬਲੇ 4 ਅਤੇ 5 ਮਈ ਨੂੰ, ਫਿਰ ਦੂਜਾ ਗੇੜ 11 ਅਤੇ 12 ਮਈ ਨੂੰ, ਤੀਜਾ ਗੇੜ 18 ਅਤੇ 19 ਮਈ ਨੂੰ, ਜਦਕਿ ਆਖਰੀ ਸੈਮੀਫਾਈਨਲ ਅਤੇ ਫਾਈਨਲ ਗੇੜ ਦੇ ਮੁਕਾਬਲੇ 6 ਤੋਂ 9 ਜੂਨ ਤੱਕ ਖੇਡੇ ਜਾਣਗੇ। 19 ਮਈ ਨੂੰ ਓਲੰਪੀਅਨ ਪ੍ਰਿਥੀਪਾਲ ਸਿੰਘ ਸਾਲਾਨਾ ਵਰਸੀ ਖਿਡਾਰੀਆਂ ਦੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਈ ਜਾਵੇਗੀ। ਹਰ ਰੋਜ਼ ਚਾਰ ਮੈਚ ਹੋਇਆ ਕਰਨਗੇ, ਜਿਸ ਵਿਚ 2 ਜੂਨੀਅਰ ਵਰਗ ਦੇ ਮੁਕਾਬਲੇ ਅਤੇ 2 ਸੀਨੀਅਰ ਵਰਗ ਦੇ ਮੁਕਾਬਲੇ ਹੋਣਗੇ। ਸੀਨੀਅਰ ਵਰਗ ਦੀ ਚੈਂਪੀਅਨ ਟੀਮ ਨੂੰ ਓਲੰਪੀਅਨ ਪ੍ਰਿਥੀਪਾਲ ਸਿੰਘ ਗੋਲਡ ਕੱਪ ਟਰਾਫੀ ਅਤੇ 41000 ਦੀ ਨਗਦ ਰਾਸ਼ੀ ਉਪਜੇਤੂ ਟੀਮ ਨੂੰ 31000 ਦੀ ਨਗਦ ਰਾਸ਼ੀ ਅਤੇ ਸਰਵੋਤਮ ਖਿਡਾਰੀਆਂ ਨੂੰ ਏਵਨ ਸਾਈਕਲਾਂ ਨਾਲ ਸਨਮਾਨਿਆ ਜਾਵੇਗਾ। ਇਸ ਤਰ੍ਹਾਂ ਜੂਨੀਅਰ ਵਰਗ ਦੀ ਜੇਤੂ ਟੀਮ ਨੂੰ 21000 ਦੀ ਨਗਦ ਰਾਸ਼ੀ, ਉਪਜੇਤੂ ਟੀਮ ਨੂੰ 16000 ਦੀ ਨਗਦ ਰਾਸ਼ੀ ਅਤੇ ਸਰਵੋਤਮ ਖਿਡਾਰੀਆਂ ਨੂੰ ਸਾਈਕਲ ਦਿੱਤੇ ਜਾਣਗੇ। ਹਰ ਮੈਚ ਦੇ ਸਰਵੋਤਮ ਖਿਡਾਰੀ ਨੂੰ ਹੀਰੋ ਆਫ ਦਾ ਮੈਚ ਵਜੋਂ ਸਨਮਾਨਿਆ ਜਾਵੇਗਾ। ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ ਲਾਜਵਾਬ ਹੋਵੇਗਾ, ਜਿੱਥੇ ਹਾਕੀ ਓਲੰਪੀਅਨ ਰਜਿੰਦਰ ਸਿੰਘ ਸੀਨੀਅਰ ਟੂਰਨਾਮੈਂਟ ਦਾ ਉਦਘਾਟਨ ਕਰਨਗੇ, ਉਥੇ ਜਰਖੜ ਪ੍ਰਾਇਮਰੀ ਸਕੂਲ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। ਹਾਕੀ ਫੈਸਟੀਵਲ ਦਾ ਉਦਘਾਟਨੀ ਮੈਚ 4 ਮਈ ਨੂੰ ਸ਼ਾਮ 6 ਵਜੇ ਸਪੋਰਟਸ ਸੈਂਟਰ ਕਿਲ੍ਹਾ ਰਾਏਪੁਰ ਅਤੇ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਵਿਚਕਾਰ ਖੇਡਿਆ ਜਾਵੇਗਾ।