#PUNJAB #SPORTS

ਜਰਖੜ ਖੇਡਾਂ ਦਾ Poster ਹੋਇਆ ਜਾਰੀ

– 10 ਫਰਵਰੀ ਨੂੰ ਉਦਘਾਟਨੀ ਸਮਾਰੋਹ ਹੋਵੇਗਾ ਲਾਜਵਾਬ,
– 11 ਫਰਵਰੀ ਨੂੰ ਹਰਜੀਤ ਹਰਮਨ ਦਾ ਲੱਗੇਗਾ ਖੁੱਲਾ ਅਖਾੜਾ
ਲੁਧਿਆਣਾ, 7 ਫਰਵਰੀ (ਪੰਜਾਬ ਮੇਲ)- ਪੰਜਾਬ ਦੀਆਂ 36ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ 10 ਅਤੇ 11 ਫਰਵਰੀ ਨੂੰ ਹੋ ਰਹੀਆਂ ਹਨ। ਉਨ੍ਹਾਂ ਦਾ ਜਰਖੜ ਖੇਡ ਸਟੇਡੀਅਮ ਵਿਖੇ ਪੋਸਟਰ ਜਾਰੀ ਕੀਤਾ ਅਤੇ ਖੇਡਾਂ ਦੀਆਂ ਤਿਆਰੀਆਂ ਮੁਕੰਮਲ ਕੀਤੀਆ ਗਈਆਂ।
ਜਰਖੜ ਖੇਡਾਂ ਸਬੰਧੀ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਦੀ ਜ਼ਰੂਰੀ ਮੀਟਿੰਗ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਟੂਰਨਾਮੈਂਟ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 10 ਫਰਵਰੀ ਨੂੰ ਖੇਡਾਂ ਦਾ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋਵੇਗਾ, ਜਿਸ ਵਿਚ ਇਲਾਕੇ ਦੇ ਸਕੂਲੀ ਬੱਚਿਆਂ ਦਾ ਮਾਰਚ ਪਾਸਟ ਤੇ ਸੱਭਿਆਚਾਰਕ ਪ੍ਰੋਗਰਾਮ ਮੁੱਖ ਖਿੱਚ ਦਾ ਕੇਂਦਰ ਹੋਣਗੇ। ਇਸ ਤੋਂ ਇਲਾਵਾ ਸਕੂਲੀ ਬੱਚਿਆਂ ਦੇ ਖੇਡ ਮੁਕਾਬਲੇ ਕਬੱਡੀ, ਰੱਸਾਕਸ਼ੀ, ਸਰਕਾਰੀ ਸਕੂਲਾਂ ਦੇ ਰੱਸਾਕਸੀ ਦੇ ਮੁਕਾਬਲੇ, ਹਾਕੀ ਮੁੰਡੇ ਕੁੜੀਆਂ, ਹਾਕੀ ਅੰਡਰ 15 ਸਾਲ, ਕੁਸ਼ਤੀਆਂ, ਵਾਲੀਬਾਲ ਆਦਿ ਖੇਡਾਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਹੋਣਗੇ। ਜਦਕਿ 11 ਫਰਵਰੀ ਨੂੰ ਕਬੱਡੀ ਓਪਨ ਨਾਇਬ ਸਿੰਘ ਗਰੇਵਾਲ ਜੋਧਾ ਕਬੱਡੀ ਕੱਪ ਹੋਵੇਗਾ। ਏਵਨ ਸਾਈਕਲ ਕੰਪਨੀ ਵੱਲੋਂ ਜਰਖੜ ਖੇਡ ਸਟੇਡੀਅਮ ਨੂੰ ਪੂਰੀ ਰੰਗ-ਰੋਗਨ ਕਰਕੇ ਸਜਾਇਆ ਗਿਆ। ਉਨ੍ਹਾਂ ਦੱਸਿਆ ਕਿ ਹਾਕੀ ਦੇ ਮੁਕਾਬਲੇ 9 ਫਰਵਰੀ ਨੂੰ ਵੀ ਹੋਣਗੇ, ਜਦਕਿ ਟੂਰਨਾਮੈਂਟ ਦਾ ਉਦਘਾਟਨ 10 ਫਰਵਰੀ ਨੂੰ ਹੋਵੇਗਾ ਅਤੇ ਫਾਈਨਲ ਮੁਕਾਬਲੇ 11 ਫਰਵਰੀ ਨੂੰ ਹੋਣਗੇ। ਇਸ ਮੌਕੇ ਦੁਪਹਿਰੇ 2 ਵਜੇ ਲੋਕ ਗਾਇਕ ਹਰਜੀਤ ਹਰਮਨ, ਉਭਰਦੀ ਗਾਇਕ ਜੋੜੀ ਗੁਰਜਾਨ ਅਤੇ ਰੂਪ ਦਾ ਖੁੱਲ੍ਹਾ ਅਖਾੜਾ ਲੱਗੇਗਾ। ਕਬੱਡੀ ਦੇ ਮੈਚ ਸ਼ਾਮ 5 ਵਜੇ ਤੋਂ ਪਹਿਲਾਂ ਹੀ ਸਮਾਪਤ ਕਰ ਦਿੱਤੇ ਜਾਣਗੇ। ਜੇਤੂ ਖਿਡਾਰੀਆਂ ਨੂੰ ਏਵਨ ਸਾਈਕਲ ਕੰਪਨੀ ਵੱਲੋਂ 60 ਸਾਈਕਲ ਦਿੱਤੇ ਜਾਣਗੇ। ਫਾਈਨਲ ਸਮਾਰੋਹ ‘ਤੇ 6 ਸ਼ਖਸੀਅਤਾਂ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਹੋਵੇਗਾ। ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਕੁਲਦੀਪ ਸਿੰਘ ਚਾਹਲ ਪੁਲਿਸ ਕਮਿਸ਼ਨਰ ਲੁਧਿਆਣਾ ਹੋਣਗੇ, ਜਦਕਿ ਫਾਈਨਲ ਸਮਾਰੋਹ ‘ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਮੁੱਖ ਮਹਿਮਾਨ ਵਜੋਂ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨਗੇ।
ਮੀਟਿੰਗ ਵਿਚ ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਦਲਜੀਤ ਸਿੰਘ ਜਰਖੜ ਕੈਨੇਡਾ, ਐਡਵੋਕੇਟ ਸੁਮਿਤ ਸਿੰਘ, ਸ਼ਿੰਗਾਰਾ ਸਿੰਘ ਜਰਖੜ, ਪਰਮਜੀਤ ਸਿੰਘ ਨੀਟੂ, ਦੁਪਿੰਦਰ ਸਿੰਘ ਡਿੰਪੀ, ਸਾਹਿਬਜੀਤ ਸਿੰਘ ਜਰਖੜ, ਸੁਖਬੀਰ ਸਿੰਘ ਜਰਖੜ ਕੈਨੇਡਾ, ਗੁਰਸਤਿੰਦਰ ਸਿੰਘ ਪਰਗਟ, ਅਜੀਤ ਸਿੰਘ ਲਾਦੀਆ, ਪਰਮਜੀਤ ਸਿੰਘ ਪੰਮਾ ਗਰੇਵਾਲ, ਗੁਰਤੇਜ ਸਿੰਘ ਬਾਕਸਿੰਗ ਕੋਚ, ਜਸਮੇਲ ਸਿੰਘ ਨੋਕਵਾਲ, ਤੇਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਜਰਖੜ, ਮਨਦੀਪ ਸਿੰਘ ਜਰਖੜ, ਕੁਲਦੀਪ ਸਿੰਘ ਘਵੱਦੀ, ਅਮਰਜੀਤ ਸਿੰਘ ਜੱਗੀ, ਰਾਜਿੰਦਰ ਸਿੰਘ ਜਰਖੜ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।