ਚੰਡੀਗੜ੍ਹ, 7 ਜਨਵਰੀ (ਪੰਜਾਬ ਮੇਲ)- ਭਾਰਤ ਤੋਂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਲ ਹੋ ਕੇ ਪਾਕਿਸਤਾਨ ਪੁੱਜੀ ਭਾਰਤੀ ਮਹਿਲਾ ਸਰਬਜੀਤ ਕੌਰ ਨੂੰ ਬੀਤੇ ਦਿਨੀਂ ਪਾਕਿਸਤਾਨ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਪਾਕਿਸਤਾਨ ਵਲੋਂ ਉਸ ਨੂੰ ਭਾਰਤ ਨੂੰ ਸੌਂਪਣ ਲਈ ਸਰਹੱਦ ‘ਤੇ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਸੀ। ਉਸ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਰਾਹੀਂ ਭਾਰਤ ਲਿਆਂਦਾ ਜਾਣਾ ਸੀ। ਭਾਰਤੀ ਏਜੰਸੀਆਂ ਸਰਹੱਦ ‘ਤੇ ਉਸ ਦੀ ਉਡੀਕ ਕਰ ਰਹੀਆਂ ਸਨ, ਪਰ ਪਾਕਿਸਤਾਨੀ ਗ੍ਰਹਿ ਮੰਤਰਾਲੇ ਦੀ ਰੋਕ ਕਾਰਨ ਹੁਣ ਅਗਲੀ ਤਰੀਕ ਦਾ ਇੰਤਜ਼ਾਰ ਕਰਨਾ ਪਵੇਗਾ।
ਦੱਸਣਯੋਗ ਹੈ ਕਿ ਕਪੂਰਥਲਾ ਦੀ ਰਹਿਣ ਵਾਲੀ 52 ਸਾਲਾ ਸਰਬਜੀਤ 4 ਨਵੰਬਰ ਨੂੰ 1,900 ਤੋਂ ਵੱਧ ਸਿੱਖ ਸ਼ਰਧਾਲੂਆਂ ਨਾਲ ਵਾਹਗਾ-ਅਟਾਰੀ ਸਰਹੱਦ ਪਾਰ ਕਰਕੇ ਪਾਕਿਸਤਾਨ ਗਈ ਸੀ। ਇਹ ਜਥਾ 10 ਦਿਨਾਂ ਦੇ ਦੌਰੇ ਤੋਂ ਬਾਅਦ 13 ਨਵੰਬਰ ਨੂੰ ਭਾਰਤ ਪਰਤਿਆ ਸੀ, ਪਰ ਸਰਬਜੀਤ ਕੌਰ ਉਨ੍ਹਾਂ ਦੇ ਨਾਲ ਵਾਪਸ ਨਹੀਂ ਆਈ।
ਇਸ ਤੋਂ ਬਾਅਦ ਸਰਬਜੀਤ ਕੌਰ ਨੇ ਪਾਕਿਸਤਾਨ ਵਿਚ ਇਕ ਵਿਅਕਤੀ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਸੀ। ਉਸ ਨੇ ਨਾਸਿਰ ਹੁਸੈਨ ਨਾਲ ਨਿਕਾਹ ਕਰਨ ਤੋਂ ਪਹਿਲਾਂ ਧਰਮ ਬਦਲ ਲਿਆ ਸੀ ਤੇ ਉਹ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣ ਗਈ ਸੀ। ਵਾਇਰਲ ਹੋਏ ਇੱਕ ਉਰਦੂ ਨਿਕਾਹਨਾਮੇ ਵਿਚ ਕਿਹਾ ਗਿਆ ਹੈ ਕਿ ਉਸ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਲਾਹੌਰ ਤੋਂ ਲਗਪਗ 56 ਕਿਲੋਮੀਟਰ ਦੂਰ ਸ਼ੇਖੂਪੁਰਾ ਦੇ ਰਹਿਣ ਵਾਲੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ।
ਜ਼ਿਕਰਯੋਗ ਹੈ ਕਿ ਪਹਿਲਾਂ ਪਾਕਿ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਸਰਬਜੀਤ ਕੌਰ ਨੂੰ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਜਾਵੇਗਾ। ਪਰ ਹਾਲੇ ਤੱਕ ਸਰਬਜੀਤ ਕੌਰ ਬਾਰੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ। ਸਰਬਜੀਤ ਨੂੰ ਪਾਕਿ ਗਏ ਜੱਥੇ ਨਾਲ ਭਾਰਤ ਵਾਪਸ ਭੇਜਿਆ ਜਾਣਾ ਸੀ।
ਜਥੇ ਨਾਲ ਪਾਕਿਸਤਾਨ ਭੱਜੀ ਸਰਬਜੀਤ ਦੀ ਨਹੀਂ ਹੋਈ ਭਾਰਤ ਵਾਪਸੀ!

