ਸ੍ਰੀ ਆਨੰਦਪੁਰ ਸਾਹਿਬ, 11 ਮਾਰਚ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਕੇਸਗੜ੍ਹ ਸਾਹਿਬ ਦੇ ਨਵੇਂ ਥਾਪੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਤਖ਼ਤ ਕੇਸਗੜ੍ਹ ਸਾਹਿਬ ਦੀ ਸੇਵਾ ਸੰਭਾਲਣ ਦੇ ਐਲਾਨ ਮਗਰੋਂ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੌਜੂਦਾ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਸਣੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਰੋਧ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਹਾਲਾਂਕਿ ਜਥੇਦਾਰ ਗੜਗੱਜ ਨੂੰ ਅੱਜ ਸਵੇਰੇ ਅੰਮ੍ਰਿਤ ਵੇਲੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਸੇਵਾ ਸੌਂਪ ਦਿੱਤੀ ਗਈ ਪਰ ਦਿੱਤੇ ਪ੍ਰੋਗਰਾਮ ਤਹਿਤ ਨਿਹੰਗ ਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ, ਤਰਨਾ ਦਲ ਦੇ ਮੁਖੀ ਬਾਬਾ ਨਾਗਰ ਸਿੰਘ, ਬਾਬਾ ਮੇਜਰ ਸਿੰਘ ਸੋਢੀ, ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਬਾਬਾ ਸੁਖਦੇਵ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ ਸਣੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਪੁੱਜੇ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਮਰਿਆਦਾ ਨੂੰ ਬਹਾਲ ਕਰਵਾਉਣ ਲਈ ਇਹ ਵਿਰੋਧ ਜਾਰੀ ਰਹੇਗਾ।
ਚੀਫ਼ ਖ਼ਾਲਸਾ ਦੀਵਾਨ ਵੱਲੋਂ ਨਵੇਂ ਜਥੇਦਾਰ ਦੀ ਤਾਜਪੋਸ਼ੀ ਦਾ ਵਿਰੋਧ
ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਨੂੰ ਵਿਵਾਦਿਤ ਦੱਸਦਿਆਂ ਇਸ ਦਾ ਵਿਰੋਧ ਕੀਤਾ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਕਿਹਾ ਕਿ ਇਸ ਫੈਸਲੇ ਕਾਰਨ ਸੰਗਤ ’ਚ ਰੋਸ ਹੈ। ਦੀਵਾਨ ਦੇ ਅਹੁਦੇਦਾਰਾਂ ਨੇ ਇਸ ਨੂੰ ਸਿੱਖ ਸਿਧਾਤਾਂ ਅਤੇ ਮਰਿਆਦਾ ਦਾ ਘੋਰ ਉਲੰਘਣਾ ਕਰਾਰ ਦਿੱਤਾ।