ਜਲੰਧਰ, 3 ਜਨਵਰੀ (ਪੰਜਾਬ ਮੇਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਮੁਆਫ਼ੀ ਮੰਗ ਕੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪੰਥਕ ਲੀਹਾਂ ‘ਤੇ ਤੋਰਨ ਦਾ ਸੱਦਾ ਦਿੱਤਾ ਸੀ ਪਰ ਸ੍ਰੀ ਅਕਾਲ ਤਖ਼ਤ ਦੇ ਮਰਹੂਮ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਸਬੰਧੀ ਸਾਹਮਣੇ ਆਈ ਰਿਪੋਰਟ ਅਕਾਲੀ ਦਲ ਲਈ ਨਵੀਂ ਚੁਣੌਤੀ ਬਣ ਸਕਦੀ ਹੈ। ਜਥੇਦਾਰ ਕਾਉਂਕੇ ਦੀ ਰਿਪੋਰਟ ਅਧਿਕਾਰਤ ਤੌਰ ‘ਤੇ ਜਨਤਕ ਨਹੀਂ ਹੋਈ ਹੈ, ਪਰ ਜੋ ਜਾਣਕਾਰੀ ਮਿਲ ਰਹੀ ਹੈ, ਉਸ ਨੂੰ ਹਾਲੇ ਤੱਕ ਕਿਸੇ ਵੀ ਧਿਰ ਨੇ ਰੱਦ ਨਹੀਂ ਕੀਤਾ ਹੈ। ਇਸ ਰਿਪੋਰਟ ਦਾ ਸਿੱਧਾ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਸੇਧਿਆ ਗਿਆ ਹੈ।
ਪੰਥਕ ਸਿਆਸਤ ‘ਤੇ ਨਜ਼ਰਾਂ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 1984 ਦੇ ਸਾਕਾ ਨੀਲਾ ਤਾਰਾ ਤੇ 1984 ਦੇ ਸਿੱਖ ਨਸਲਕੁਸ਼ੀ ਦੇ ਮੁੱਦਿਆਂ ਨੂੰ ਤਾਂ ਉਭਾਰਦੇ ਰਹਿੰਦੇ ਹਨ, ਪਰ ਉਨ੍ਹਾਂ ਕਦੇ ਵੀ ਪੰਜਾਬ ‘ਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਦਾ ਜ਼ਿਕਰ ਨਹੀਂ ਕੀਤਾ ਤੇ ਨਾ ਹੀ 1984 ਤੋਂ ਬਾਅਦ 15 ਸਾਲਾਂ ਤੱਕ ਸੱਤਾ ਵਿਚ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਨੌਜਵਾਨਾਂ ਨੂੰ ਪੁਲਿਸ ਮੁਕਾਬਲਿਆਂ ਵਿਚ ਮਾਰੇ ਜਾਣ ਸਬੰਧੀ ਕੋਈ ਗੱਲ ਕੀਤੀ ਸੀ।
ਸਾਬਕਾ ਆਈ.ਏ.ਐੱਸ. ਅਧਿਕਾਰੀ ਗੁਰਤੇਜ ਸਿੰਘ ਦੀ ਇਕ ਇੰਟਰਵਿਊ ਵੀ ਇਸ ਸਬੰਧੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਕਹਿ ਰਹੇ ਹਨ ਕਿ ਜਦੋਂ ਉਹ ਭਾਈ ਗੁਰਦੇਵ ਸਿੰਘ ਕਾਉਂਕੇ ਬਾਰੇ ਗੱਲ ਕਰਨ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਲਈ ਇਕ ਵਫ਼ਦ ਦੇ ਰੂਪ ਵਿਚ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਗਏ ਸਨ ਤਾਂ ਬਾਦਲ ਸਾਹਿਬ ਵਫ਼ਦ ਨੂੰ ਮਿਲੇ ਬਿਨਾਂ ਚਲੇ ਗਏ ਸਨ। ਵੀਡੀਓ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਿਸ ਐੱਸ.ਐੱਸ.ਪੀ. ਨੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਕਥਿਤ ਤੌਰ ‘ਤੇ ਸ਼ਹੀਦ ਕੀਤਾ ਸੀ ਉਹ ਬਾਦਲ ਦੇ ਬੈੱਡਰੂਮ ਤੱਕ ਚਲਾ ਜਾਂਦਾ ਸੀ।