#INDIA

ਚੰਦਰਮਾ ‘ਤੇ ਇਨਸਾਨਾਂ ਨੂੰ ਵਸਾਉਣ ਦੀਆਂ ਤਿਆਰੀਆਂ!

ਚੰਦਰਮਾ ‘ਤੇ ਪ੍ਰਮਾਣੂ ਊਰਜਾ ਪਲਾਂਟ ਸਥਾਪਤ ਕਰਨ ਦੀ ਦੌੜ ਵਿਚ ਅਮਰੀਕਾ, ਰੂਸ, ਚੀਨ ਅਤੇ ਭਾਰਤ ਹੋਏ ਸ਼ਾਮਲ 
ਨਵੀਂ ਦਿੱਲੀ, 7 ਅਗਸਤ (ਪੰਜਾਬ ਮੇਲ)-ਚੰਦਰਮਾ ‘ਤੇ ਇਨਸਾਨਾਂ ਨੂੰ ਵਸਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਪੁਲਾੜ ਏਜੰਸੀਆਂ ਹੁਣ ਚੰਦਰਮਾ ‘ਤੇ ਬਿਜਲੀ ਪੈਦਾ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਚੰਦਰਮਾ ‘ਤੇ ਪ੍ਰਮਾਣੂ ਊਰਜਾ ਪਲਾਂਟ ਸਥਾਪਤ ਕਰਨ ਦੀ ਦੌੜ ਵਿਚ ਅਮਰੀਕਾ, ਰੂਸ, ਚੀਨ ਅਤੇ ਭਾਰਤ ਵਰਗੇ ਦੇਸ਼ ਸ਼ਾਮਲ ਹੋ ਗਏ ਹਨ। ਅਮਰੀਕਾ ਦੇ ਨਾਸਾ ਨੇ Artemis ਮਿਸ਼ਨ ਤਹਿਤ 2027 ਤੱਕ ਚੰਦਰਮਾ ‘ਤੇ ਮਨੁੱਖਾਂ ਨੂੰ ਭੇਜਣ ਦੀ ਤਿਆਰੀ ਕਰ ਲਈ ਹੈ। ਇਸ ਦੇ ਨਾਲ ਹੀ, ਉਨ੍ਹਾਂ ਦਾ ਅਗਲਾ ਵੱਡਾ ਕਦਮ ਚੰਦਰਮਾ ‘ਤੇ ਇਕ ਪ੍ਰਮਾਣੂ ਊਰਜਾ ਪਲਾਂਟ ਬਣਾਉਣਾ ਹੈ। ਨਾਸਾ ਨੇ ਇਸ ਲਈ ਇਕ ਵੱਡਾ ਬਜਟ ਵੀ ਮੰਗਿਆ ਹੈ, ਹਾਲਾਂਕਿ ਇਸ ਦੀ ਕੁੱਲ ਲਾਗਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ।
ਦੂਜੇ ਪਾਸੇ ਚੀਨ ਅਤੇ ਰੂਸ ਵੀ ਇਸ ਦੌੜ ਵਿਚ ਪਿੱਛੇ ਨਹੀਂ ਹਨ। ਦੋਵਾਂ ਦੇਸ਼ਾਂ ਨੇ ਮਿਲ ਕੇ 2035 ਤੱਕ ਚੰਦਰਮਾ ‘ਤੇ ਇਕ ਪ੍ਰਮਾਣੂ ਰਿਐਕਟਰ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ। ਰੂਸ ਦੀ ਪੁਲਾੜ ਏਜੰਸੀ ਅਤੇ ਚੀਨ ਦੀ ਸੀ.ਐੱਨ.ਐੱਸ.ਏ. ਨੇ ਵੀ ਇਸ ਮਿਸ਼ਨ ਲਈ ਇਕ ਸਮਝੌਤੇ (ਐੱਮ.ਓ.ਯੂ.) ‘ਤੇ ਦਸਤਖ਼ਤ ਕੀਤੇ ਹਨ।
ਇਸ ਦੌੜ ਵਿਚ ਭਾਰਤ ਦਾ ਇਸਰੋ ਵੀ ਸ਼ਾਮਲ ਹੈ ਪਰ ਇਸ ਦੀ ਰਫਤਾਰ ਦੂਜੇ ਦੇਸ਼ਾਂ ਨਾਲੋਂ ਹੌਲੀ ਹੈ। ਇਸਰੋ ਲਗਾਤਾਰ ਇਸ ਦਿਸ਼ਾ ਵਿਚ ਕੰਮ ਕਰ ਰਿਹਾ ਹੈ ਪਰ ਇਸ ਸਮੇਂ ਇਹ ਅਮਰੀਕਾ ਅਤੇ ਚੀਨ-ਰੂਸ ਤੋਂ ਬਹੁਤ ਪਿੱਛੇ ਜਾਪਦਾ ਹੈ। ਚੰਦਰਮਾ ‘ਤੇ ਪ੍ਰਮਾਣੂ ਰਿਐਕਟਰ ਲਾਉਣ ਵਿਚ ਬਹੁਤ ਸਾਰੀਆਂ ਚੁਣੌਤੀਆਂ ਅਤੇ ਸਵਾਲ ਹਨ। ਜਿਵੇਂ ਕਿ ਕੀ ਰਿਐਕਟਰ ਤੋਂ ਰੇਡੀਏਸ਼ਨ ਲੀਕ ਹੋਣ ਦਾ ਖ਼ਤਰਾ ਹੋਵੇਗਾ, ਕੀ ਚੰਦਰਮਾ ਦੀ ਸਤ੍ਹਾ ਇੰਨੇ ਵੱਡੇ ਪ੍ਰਮਾਣੂ ਝਟਕੇ ਦਾ ਸਾਹਮਣਾ ਕਰਨ ਦੇ ਯੋਗ ਹੋਵੇਗੀ, ਕੀ ਇਹ ਕਦਮ ਭਵਿੱਖ ਵਿਚ ਚੰਦਰਮਾ ‘ਤੇ ਮਨੁੱਖਾਂ ਨੂੰ ਵਸਾਉਣ ਦੇ ਸੁਫ਼ਨੇ ਨੂੰ ਖ਼ਤਰੇ ਵਿਚ ਪਾ ਦੇਵੇਗਾ, ਨਾਸਾ ਨੇ ਪਹਿਲਾਂ ਵੀ ਛੋਟੇ ਰੇਡੀਓ ਥਰਮਲ ਜਨਰੇਟਰ ਬਣਾਏ ਹਨ ਪਰ ਇਹ ਨਵਾਂ ਸਿਸਟਮ ਬਹੁਤ ਵੱਡਾ ਅਤੇ ਵਧੇਰੇ ਸ਼ਕਤੀਸ਼ਾਲੀ ਹੋਵੇਗਾ। ਇਨ੍ਹਾਂ ਚੁਣੌਤੀਆਂ ਨੂੰ ਹੱਲ ਕਰਨਾ ਸਾਰੇ ਦੇਸ਼ਾਂ ਲਈ ਇਕ ਵੱਡੀ ਪ੍ਰੀਖਿਆ ਹੋਵੇਗੀ।