#PUNJAB

ਚੰਡੀਗੜ੍ਹ ਮੇਅਰ ਚੋਣ: ‘ਆਪ’ ਨੇ ਨਵੇਂ ਸਿਰਿਓਂ Election ਕਰਵਾਉਣ ਲਈ ਖੜਕਾਇਆ High Court ਦਾ ਦਰਵਾਜ਼ਾ

– ਭਾਜਪਾ ਦੇ ਮਨੋਜ ਸੋਨਕਰ ਨੂੰ ਮਿਲੀਆਂ 16 ਵੋਟਾਂ; ‘ਆਪ’ ਨੂੰ 12 ਵੋਟਾਂ ਮਿਲੀਆਂ
– 8 ਵੋਟਾਂ ਹੋਈਆਂ ਰੱਦ
ਚੰਡੀਗੜ੍ਹ, 31 ਜਨਵਰੀ (ਪੰਜਾਬ ਮੇਲ)- ਭਾਜਪਾ ਦੇ ਮਨੋਜ ਸੋਨਕਰ ਚੰਡੀਗੜ੍ਹ ਮੇਅਰ ਦੀ ਚੋਣ ਜਿੱਤ ਗਏ ਹਨ। ਮਨੋਜ ਸੋਨਕਰ ਨੂੰ ਕੁੱਲ 16 ਵੋਟਾਂ ਪਈਆਂ, ਜਦੋਂ ਕਿ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੂੰ 12 ਵੋਟਾਂ ਪਈਆਂ। ਇਸ ਤੋਂ ਇਲਾਵਾ 8 ਵੋਟਾਂ ਰੱਦ ਹੋ ਗਈਆਂ। ਇਸ ਚੋਣ ਦੌਰਾਨ ਆਪ-ਕਾਂਗਰਸ ਗਠਜੋੜ ਨੂੰ ਵੱਡਾ ਝਟਕਾ ਲੱਗਾ ਹੈ। ਦੱਸਣਯੋਗ ਹੈ ਕਿ ਭਾਜਪਾ ਨੇ ਪਹਿਲਾਂ ਹੀ ਕਿਹਾ ਸੀ ਕਿ ਮੇਅਰ ਉਨ੍ਹਾਂ ਦੀ ਹੀ ਬਣੇਗਾ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਵਜੋਂ ਭਾਜਪਾ ਦੇ ਕੁਲਜੀਤ ਸੰਧੂ ਅਤੇ ਡਿਪਟੀ ਮੇਅਰ ਵਜੋਂ ਭਾਜਪਾ ਦੇ ਰਜਿੰਦਰ ਸ਼ਰਮਾ ਨੂੰ ਚੁਣਿਆ ਗਿਆ।
ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਤੇ ਚੰਡੀਗੜ੍ਹ ਮੇਅਰ ਚੋਣਾਂ ਨੂੰ ਰੱਦ ਕਰਨ ਅਤੇ ਹਾਈ ਕੋਰਟ ਦੇ ਇਕ ਸੇਵਾਮੁਕਤ ਜੱਜ ਦੀ ਨਿਗਰਾਨੀ ਵਿਚ ਨਵੇਂ ਸਿਰਿਓਂ ਚੋਣਾਂ ਕਰਵਾਉਣ ਦੀ ਅਪੀਲ ਕੀਤੀ।
ਇਸ ਚੋਣ ਦੌਰਾਨ ਭਾਜਪਾ ਵਲੋਂ ਮੇਅਰ ਅਹੁਦੇ ਲਈ ਮਨੋਜ ਸੋਨਕਰ ਨੂੰ ਖੜ੍ਹਾ ਕੀਤਾ ਗਿਆ ਸੀ, ਜਦੋਂ ਕਿ ਆਪ ਤੇ ਕਾਂਗਰਸ ਗਠਜੋੜ ਵਲੋਂ ਕੁਲਦੀਪ ਕੁਮਾਰ ਚੋਣ ਲੜ ਰਹੇ ਸਨ, ਜੋ ਕਿ ਹਾਰ ਗਏ। ਇਸ ਤਰ੍ਹਾਂ ਭਾਜਪਾ ਵਲੋਂ ਸੀਨੀਅਰ ਡਿਪਟੀ ਮੇਅਰ ਲਈ ਕੁਲਜੀਤ ਸਿੰਘ ਸੰਧੂ ਅਤੇ ਆਪ ਤੇ ਕਾਂਗਰਸ ਗਠਜੋੜ ਵਲੋਂ ਗੁਰਪ੍ਰੀਤ ਗਾਬੀ, ਜਦੋਂ ਕਿ ਭਾਜਪਾ ਵਲੋਂ ਡਿਪਟੀ ਮੇਅਰ ਲਈ ਰਜਿੰਦਰ ਸ਼ਰਮਾ ਅਤੇ ਆਪ ਤੇ ਕਾਂਗਰਸ ਗਠਜੋੜ ਵਲੋਂ ਨਿਰਮਲਾ ਦੇਵੀ ਚੋਣ ਲੜ ਰਹੇ ਸਨ।
ਜੇਕਰ ਇਸ ਚੋਣ ਦੌਰਾਨ ‘ਇੰਡੀਆ’ ਗਠਜੋੜ ਜਿੱਤ ਜਾਂਦਾ, ਤਾਂ 8 ਸਾਲ ਬਾਅਦ ਭਾਜਪਾ ਮੇਅਰ ਬਣਾਉਣ ਵਿਚ ਅਸਫ਼ਲ ਰਹਿੰਦੀ। ਇਸ ਤੋਂ ਪਹਿਲਾ ਭਾਜਪਾ ਨੂੰ 8 ਜਨਵਰੀ, 2016 ਨੂੰ ਅਰੁਣ ਸੂਦ ਦੇ ਰੂਪ ਵਿਚ ਮੇਅਰ ਮਿਲਿਆ ਸੀ। ਇਸ ਤੋਂ ਬਾਅਦ ਆਸ਼ਾ ਕੁਮਾਰੀ ਜਸਵਾਲ, ਦੇਵੇਸ਼ ਮੌਦਗਿੱਲ, ਰਾਜੇਸ਼ ਕੁਮਾਰ ਕਾਲੀਆ, ਰਾਜਬਾਲਾ ਮਲਿਕ, ਰਵੀਕਾਂਤ ਸ਼ਰਮਾ, ਸਰਬਜੀਤ ਕੌਰ ਅਤੇ ਅਨੂਪ ਗੁਪਤਾ ਨੇ ਵੀ ਭਾਜਪਾ ਦੇ ਉਮੀਦਵਾਰ ਦੇ ਤੌਰ ‘ਤੇ ਚੋਣਾਂ ਜਿੱਤ ਕੇ ਮੇਅਰ ਦੀ ਕੁਰਸੀ ਸੰਭਾਲੀ ਸੀ ਪਰ ਇਸ ਵਾਰ ਫਿਰ ਚੰਡੀਗੜ੍ਹ ‘ਚ ਭਾਜਪਾ ਦਾ ਮੇਅਰ ਬਣ ਗਿਆ ਹੈ।
ਉਧਰ ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਤੇ ਚੰਡੀਗੜ੍ਹ ਮੇਅਰ ਚੋਣਾਂ ਨੂੰ ਰੱਦ ਕਰਨ ਅਤੇ ਹਾਈ ਕੋਰਟ ਦੇ ਇਕ ਸੇਵਾਮੁਕਤ ਜੱਜ ਦੀ ਨਿਗਰਾਨੀ ਵਿਚ ਨਵੇਂ ਸਿਰਿਓਂ ਚੋਣਾਂ ਕਰਵਾਉਣ ਦੀ ਅਪੀਲ ਕੀਤੀ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਚੰਡੀਗੜ੍ਹ ਮੇਅਰ ਚੋਣਾਂ ਵਿਚ ਸਾਰੇ ਤਿੰਨ ਸਿਖਰਲੇ ਅਹੁਦਿਆਂ ‘ਤੇ ਜਿੱਤ ਹਾਸਲ ਕੀਤੀ ਤੇ ਕਾਂਗਰਸ-ਆਪ ਗਠਜੋੜ ਨੂੰ ਹਰਾ ਦਿੱਤਾ। ਗਠਜੋੜ ਨੇ ਚੋਣ ਨਤੀਜੇ ਆਉਣ ਤੋਂ ਬਾਅਦ ਪ੍ਰੀਜ਼ਾਈਡਿੰਗ ਅਫ਼ਸਰ ‘ਤੇ ਵੋਟਾਂ ਦੇ ਨਾਲ ਛੇੜਛਾੜ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਆਪ ਦੇ ਕੌਂਸਲਰ ਕੁਲਦੀਪ ਕੁਮਾਰ ਨੇ ਚੰਡੀਗੜ੍ਹ ਨਗਰ ਨਿਗਮ ਤੇ ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਸਮੇਤ ਹੋਰਾਂ ਦੇ ਖ਼ਿਲਾਫ਼ ਪਟੀਸ਼ਨ ਫ਼ਾਈਲ ਕੀਤੀ ਹੈ। ਇਸ ਚੋਣ ਵਿਚ ਕੁਲਦੀਪ ‘ਆਪ’ ਦੇ ਮੇਅਰ ਅਹੁਦੇ ਲਈ ਉਮੀਦਵਾਰ ਸਨ।
ਕੁਮਾਰ ਨੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਚੋਣ ਦੀ ਪ੍ਰਕਿਰਿਆ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ ਅਤੇ ਦੋਸ਼ ਲਾਇਆ ਹੈ ਕਿ ਇਸ ਵਿਚ ਪੂਰੀ ਤਰ੍ਹਾਂ ਨਾਲ ਧੋਖਾਧੜੀ ਅਤੇ ਜਾਅਲਸਾਜ਼ੀ ਹੋਈ ਹੈ। ਉਨ੍ਹਾਂ ਨੇ ਨਵੇਂ ਚੁਣੇ ਮੇਅਰ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਵਜੋਂ ਕੰਮ ਕਰਨ ਤੋਂ ਰੋਕਣ ਲਈ ਵੀ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਇਹ ਪਟੀਸ਼ਨ ਪਟੀਸ਼ਨਕਰਤਾ ਦੇ ਵਕੀਲਾਂ ਆਰ.ਪੀ.ਐੱਸ. ਬਾਰਾ, ਕੇ.ਐੱਸ. ਖਰਬੰਦਾ ਅਤੇ ਫੈਰੀ ਸੋਫਾਟ ਵੱਲੋਂ ਦਾਇਰ ਕੀਤੀ ਗਈ। ਇਸ ਤੋਂ ਪਹਿਲਾਂ ਜਿਵੇਂ ਹੀ ਨਤੀਜੇ ਐਲਾਨੇ ਗਏ, ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦੀਆਂ ਭਾਈਵਾਲ ਪਾਰਟੀਆਂ ‘ਆਪ’ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਅਗਲੇ ਪੜਾਅ – ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣਾਂ ਦਾ ਵਿਰੋਧ ਕੀਤਾ ਅਤੇ ਬਾਈਕਾਟ ਕੀਤਾ।
‘ਆਪ’ ਦੀ ਪਟੀਸ਼ਨ ਵਿਚ ਅਦਾਲਤ ਨੂੰ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਨਿਰਪੱਖ ਅਤੇ ਸੁਤੰਤਰ ਢੰਗ ਨਾਲ ਨਵੀਆਂ ਚੋਣਾਂ ਕਰਵਾਉਣ ਲਈ ਨਿਰਦੇਸ਼ ਦੇਣ ਦੀ ਵੀ ਬੇਨਤੀ ਕੀਤੀ ਗਈ ਹੈ। ਚੋਣ ਪ੍ਰਕਿਰਿਆ ‘ਚ ਪੂਰੀ ਤਰ੍ਹਾਂ ਨਾਲ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ‘ਆਪ’ ਨੇ ਕਿਸੇ ਸੁਤੰਤਰ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਟੀਸ਼ਨਰ ਨੇ ਉੱਤਰਦਾਤਾਵਾਂ ਨੂੰ ਬੈਲਟ ਪੇਪਰਾਂ ਦੇ ਰਿਕਾਰਡ, ਮੰਗਲਵਾਰ ਨੂੰ ਵੋਟਿੰਗ ਪ੍ਰਕਿਰਿਆ ਅਤੇ ਵੀਡੀਓਗ੍ਰਾਫੀ ਸਮੇਤ ਸਮੁੱਚੀ ਚੋਣ ਪ੍ਰਕਿਰਿਆ ਨੂੰ ਫ੍ਰੀਜ਼ ਕਰਨ ਅਤੇ ਅਦਾਲਤ ਦੇ ਸਾਹਮਣੇ ਰੱਖਣ ਦੇ ਨਿਰਦੇਸ਼ ਦੇਣ ਦੀ ਵੀ ਬੇਨਤੀ ਕੀਤੀ ਹੈ।
ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਅੱਜ ਅਹਿਮ ਸੁਣਵਾਈ ਹੋਵੇਗੀ। ਹਾਈਕੋਰਟ ਵਲੋਂ ਕਾਂਗਰਸ ਤੇ ‘ਆਪ’ ਦੀ ਪਟੀਸ਼ਨ ‘ਤੇ ਸੁਣਵਾਈ ਕੀਤੀ ਜਾਵੇਗੀ।