#PUNJAB

ਚੰਡੀਗੜ੍ਹ ਮੇਅਰ ਚੋਣਾਂ: Congress ਮੇਅਰ ਉਮੀਦਵਾਰ ਜਸਬੀਰ ਬੰਟੀ ਅਗਵਾ!

-ਬੀ.ਜੇ.ਪੀ. ਤੇ ‘ਆਪ’ ਵਰਕਰ ਆਪਸ ‘ਚ ਉਲਝੇ
ਚੰਡੀਗੜ੍ਹ, 17 ਜਨਵਰੀ (ਪੰਜਾਬ ਮੇਲ)- ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਮੰਗਲਵਾਰ ਉਦੋਂ ਵੱਡਾ ਹੰਗਾਮਾ ਹੋ ਗਿਆ, ਜਦੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਬੰਟੀ ਨੂੰ ਅਗ਼ਵਾ ਕੀਤੇ ਜਾਣ ਦਾ ਮਾਮਲਾ ਭਖ ਗਿਆ। ਮਾਮਲੇ ਨੂੰ ਲੈ ਕੇ ਭਾਜਪਾ ਤੇ ਆਪ ਵਰਕਰ ਆਪਸ ‘ਚ ਉਲਝਦੇ ਵੀ ਵਿਖਾਈ ਦਿੱਤੇ, ਜਿਨ੍ਹਾਂ ਨੂੰ ਮੌਕੇ ‘ਤੇ ਭਾਰੀ ਪੁਲਿਸ ਫੋਰਸ ਨੇ ਮਸਾਂ ਕਾਬੂ ਕੀਤਾ।
ਜਾਣਕਾਰੀ ਅਨੁਸਾਰ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਗਠਜੋੜ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਬੰਟੀ ਨੇ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਸੀ ਅਤੇ ਉਹ ਨਗਰ ਨਿਗਮ ਪਹੁੰਚੇ ਸਨ। ਕਾਂਗਰਸੀ ਉਮੀਦਵਾਰ ਨਾਲ ਉਸ ਦੇ ਪਿਤਾ ਵੀ ਮੌਕੇ ‘ਤੇ ਹਾਜ਼ਰ ਸਨ, ਜਿਨ੍ਹਾਂ ਨੇ ਕਾਂਗਰਸ ‘ਤੇ ਬੰਟੀ ਨੂੰ ਅਗਵਾ ਕਰਨ ਦੇ ਆਰੋਪ ਲਾਏ ਅਤੇ ਚੰਡੀਗੜ੍ਹ ਪੁਲਿਸ ਨੂੰ ਬੁਲਾਇਆ।
ਪਤਾ ਲੱਗਣ ‘ਤੇ ਸੀਨੀਅਰ ਭਾਜਪਾ ਆਗੂ ਸੰਜੇ ਟੰਡਨ ਤੇ ਉਪ ਪ੍ਰਧਾਨ ਦਵਿੰਦਰ ਬਬਲਾ ਸਮੇਤ ਵਰਕਰ ਵੀ ਵੱਡੀ ਗਿਣਤੀ ਮੌਕੇ ‘ਤੇ ਪਹੁੰਚ ਗਏ, ਪਰ ਪੁਲਿਸ ਨੇ ਨਿਗਮ ਦਫਤਰ ਦੇ ਬਾਹਰ ਹੀ ਰੋਕ ਲਿਆ। ਭਾਜਪਾ ਆਗੂ ਦਵਿੰਦਰ ਬਬਲਾ ਨੇ ਕਿਹਾ ਕਿ ਜਸਬੀਰ ਸਿੰਘ ਬੰਟੀ ਨੂੰ ਅਗਵਾ ਕਰ ਲਿਆ ਗਿਆ ਹੈ, ਉਸ ਨੂੰ ਉਸ ਦੇ ਪਿਤਾ ਦਾ ਫੋਨ ਆਇਆ ਸੀ ਅਤੇ ਉਹ ਬੰਟੀ ਨੂੰ ਛੁਡਾਉਣ ਅਤੇ ਉਸਦੇ ਪਿਤਾ ਦੀ ਮਦਦ ਲਈ ਇੱਥੇ ਆਏ ਹਨ।