#PUNJAB

ਚੰਡੀਗੜ੍ਹ ਗ੍ਰਨੇਡ ਧਮਾਕਾ : ਐੱਨ.ਆਈ.ਏ. ਕਰੇਗੀ ਹੈਂਡ ਗ੍ਰਨੇਡ ਸੁੱਟਣ ਵਾਲੇ ਮੁਲਜ਼ਮਾਂ ਤੋਂ ਪੁੱਛਗਿੱਛ

ਚੰਡੀਗੜ੍ਹ, 23 ਅਕਤੂਬਰ (ਪੰਜਾਬ ਮੇਲ)- ਇੱਥੇ ਸੈਕਟਰ-10 ਦੀ ਕੋਠੀ ‘ਚ ਹੈਂਡ ਗ੍ਰਨੇਡ ਸੁੱਟਣ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹੈਪੀ ਪਸ਼ੀਆ ਗੈਂਗ ਦੇ 4 ਮੈਂਬਰਾਂ ਤੋਂ ਹੁਣ ਐੱਨ.ਆਈ.ਏ. ਪੁੱਛਗਿੱਛ ਕਰੇਗੀ। ਹੈਂਡ ਗ੍ਰਨੇਡ ਸੁੱਟਣ ਦੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਤੋਂ ਐੱਨ.ਆਈ.ਏ. ਕੋਲ ਟਰਾਂਸਫਰ ਹੋ ਚੁੱਕੀ ਹੈ। ਫਾਈਲ ਐੱਨ.ਆਈ.ਏ. ਕੋਲ ਪਹੁੰਚ ਚੁੱਕੀ ਹੈ ਅਤੇ ਉਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਨ.ਆਈ.ਏ. ਦੀ ਟੀਮ ਹੁਣ ਰੋਹਨ ਮਸੀਹ, ਵਿਸ਼ਾਲ, ਆਕਾਸ਼ਦੀਪ ਸਿੰਘ ਅਤੇ ਅਮਰਜੀਤ ਸਿੰਘ ਨੂੰ ਅੰਮ੍ਰਿਤਸਰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕਰੇਗੀ।
ਹੈਂਡ ਗ੍ਰਨੇਡ ਫਟਣ ਦੀ ਘਟਨਾ ਤੋਂ ਤੁਰੰਤ ਬਾਅਦ ਐੱਨ.ਆਈ.ਏ. ਦੀ ਟੀਮ ਨੇ ਸੈਕਟਰ-10 ਦੀ ਕੋਠੀ ‘ਚ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕੀਤੀ ਸੀ। ਐੱਨ.ਆਈ.ਏ. ਕੋਲ ਘਟਨਾ ਵਾਲੇ ਦਿਨ ਦੇ ਸਾਰੇ ਸਬੂਤ ਹਨ। ਚੰਡੀਗੜ੍ਹ ਪੁਲਿਸ ਪਿਛਲੇ ਮਹੀਨੇ ਸੈਕਟਰ-10 ਦੀ ਕੋਠੀ ‘ਚ ਹੈਂਡ ਗ੍ਰਨੇਡ ਸੁੱਟਣ ਵਾਲੇ ਰੋਹਨ ਮਸੀਹ, ਵਿਸ਼ਾਲ, ਆਕਾਸ਼ਦੀਪ ਸਿੰਘ ਤੇ ਅਮਰਜੀਤ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਸੀ।
ਪੁੱਛਗਿੱਛ ਦੌਰਾਨ ਮੁਲਜ਼ਮ ਰੋਹਨ ਮਸੀਹ ਤੇ ਵਿਸ਼ਾਲ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਹਮਲਾ ਕਰਨ ਲਈ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਹੈਪੀ ਪਸ਼ੀਆ ਨੇ ਕਿਹਾ ਸੀ। ਹੈਂਡ ਗ੍ਰਨੇਡ ਉਨ੍ਹਾਂ ਨੂੰ ਆਕਾਸ਼ਦੀਪ ਤੇ ਅਮਰਜੀਤ ਸਿੰਘ ਨੇ ਮੁਹੱਈਆ ਕਰਵਾਇਆ ਸੀ। ਆਕਾਸ਼ਦੀਪ ਨੇ ਪੁਲਿਸ ਨੂੰ ਦੱਸਿਆ ਸੀ ਕਿ ਹੈਂਡ ਗ੍ਰਨੇਡ ਤੇ ਹਥਿਆਰ ਡਰੋਨ ਰਾਹੀਂ ਅੱਤਵਾਦੀ ਰਿੰਦਾ ਨੇ ਅੰਮ੍ਰਿਤਸਰ ਪਹੁੰਚਾਏ ਸਨ। ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਆਪ੍ਰੇਸ਼ਨ ਸੈੱਲ ਦੀ ਟੀਮ ਉਕਤ ਚਾਰਾਂ ਮੁਲਜ਼ਮਾਂ ਨੂੰ ਵਾਪਸ ਅੰਮ੍ਰਿਤਸਰ ਜੇਲ੍ਹ ‘ਚ ਛੱਡ ਕੇ ਆਈ ਸੀ।