#PUNJAB

ਚੰਡੀਗੜ੍ਹ ਏਅਰਪੋਰਟ ਤੋਂ 98 ਲੱਖ ਦੇ ਸੋਨੇ ਸਣੇ ਯਾਤਰੀ ਕਾਬੂ

ਲੁਧਿਆਣਾ , 25 ਨਵੰਬਰ (ਪੰਜਾਬ ਮੇਲ)- ਕਸਟਮ ਵਿਭਾਗ ਦੀ ਟੀਮ ਲੁਧਿਆਣਾ ਨੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਚੰਡੀਗੜ੍ਹ (ਐੱਸ. ਬੀ. ਐੱਸ. ਆਈ. ਏ.) ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ 24 ਕੈਰੇਟ ਦਾ 1.632 ਕਿਲੋ ਸੋਨਾ ਜ਼ਬਤ ਕਰ ਕੇ ਇਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਭਾਗੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਭਾਰਤੀ ਯਾਤਰੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ 98.61 ਲੱਖ ਰੁਪਏ ਕੀਮਤ ਦੇ 1.632 ਕਿਲੋ ਵਿਦੇਸ਼ੀ ਮੂਲ ਦੇ 24 ਕੈਰੇਟ ਸੋਨੇ ਦੀ ਰਾਡ (ਕਿਊਬਾਈਡ ਆਕਾਰ) ਬਰਾਮਦ ਕੀਤੀ ਹੈ, ਜੋ ਫਲਾਈਟ 6-ਈ 6005 ਚੇਨਈ ਤੋਂ ਚੰਡੀਗੜ੍ਹ ਤੱਕ ਸਫ਼ਰ ਕਰ ਰਿਹਾ ਸੀ। ਯਾਤਰੀ ਨੇ ਇਸ ਨੂੰ ਜਹਾਜ਼ ਦੀ ਸੀਟ 10-ਡੀ ’ਚੋਂ ਪ੍ਰਾਪਤ ਕੀਤਾ ਸੀ, ਜੋ 21 ਨਵੰਬਰ ਦੀ ਫਲਾਈਟ 6-ਈ 1242 ਜ਼ਰੀਏ ਕੁਵੈਤ ਤੋਂ ਆਇਆ ਸੀ। ਯਾਤਰੀ ਨੂੰ ਕਸਟਮ ਐਕਟ-1962 ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ’ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।