#PUNJAB

ਚੰਡੀਗੜ੍ਹ ਏਅਰਪੋਰਟ ‘ਤੇ ਮਹਿਲਾ ਕਾਂਸਟੇਬਲ ਨੇ ਭਾਜਪਾ ਦੀ ਐੱਮ. ਪੀ. ਕੰਗਨਾ ਰਣੌਤ ਨੂੰ ਮਾਰਿਆ ਥੱਪੜ

ਚੰਡੀਗੜ੍ਹ, 6 ਜੂਨ (ਪੰਜਾਬ ਮੇਲ)- ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਵੀਰਵਾਰ ਮਹਿਲਾ ਕਾਂਸਟੇਬਲ ਨੇ ਉਸ ਵੇਲੇ ਕਥਿਤ ਥੱਪੜ ਮਾਰ ਦਿੱਤਾ, ਜਦੋਂ ਉਹ ਚੰਡੀਗੜ੍ਹ ਹਵਾਈ ਅੱਡੇ ਤੋਂ ਦਿੱਲੀ ਜਾ ਰਹੀ ਸੀ। ਸੂਤਰਾਂ ਅਨੁਸਾਰ ਕਾਂਸਟੇਬਲ ਨੇ ਫਲਾਈਟ ‘ਤੇ ਚੜ੍ਹਨ ਤੋਂ ਪਹਿਲਾਂ ਏਅਰਪੋਰਟ ‘ਤੇ ਕੰਗਨਾ ਦੀ ਤਲਾਸ਼ੀ ਲੈਂਦੇ ਹੋਏ ਉਸ ਨਾਲ ਕੁੱਟਮਾਰ ਕੀਤੀ।
ਪਤਾ ਲੱਗਾ ਹੈ ਕਿ ਐੱਮ.ਪੀ. ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ਵਿਚ ਸੀ.ਆਈ.ਐੱਸ.ਐੱਫ. ਦੀ ਮਹਿਲਾ ਕਾਂਸਟੇਬਲ ‘ਤੇ ਐਕਸ਼ਨ ਲੈਂਦਿਆਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸੀ.ਆਈ.ਐੱਸ.ਅੱੈਫ. ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਚੰਡੀਗੜ੍ਹ ਹਵਾਈ ਅੱਡੇ ‘ਤੇ ਭਾਜਪਾ ਐੱਮ.ਪੀ. ਅਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ਵਿਚ ਸੀ.ਆਈ.ਐੱਸ.ਐੱਫ. ਨੇ ਮਹਿਲਾ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਉਸ ਖਿਲਾਫ ਸਥਾਨਕ ਪੁਲਿਸ ਸਟੇਸ਼ਨ ਵਿਚ ਐੱਫ.ਆਈ.ਆਰ. ਲਈ ਸ਼ਿਕਾਇਤ ਦਿੱਤੀ ਗਈ ਹੈ।
ਇਹ ਘਟਨਾ ਉਦੋਂ ਵਾਪਰੀ, ਜਦੋਂ ਕੰਗਨਾ ਵੀਰਵਾਰ ਦੁਪਹਿਰ 3.30 ਵਜੇ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਜਾ ਰਹੀ ਸੀ। ਇਸ ਘਟਨਾ ਤੋਂ ਬਾਅਦ ਕੰਗਨਾ ਦਿੱਲੀ ਲਈ ਰਵਾਨਾ ਹੋ ਗਈ। ਦਿੱਲੀ ਪਹੁੰਚ ਕੇ ਕੰਗਨਾ ਰਣੌਤ ਨੇ ਸੀ.ਆਈ.ਐੱਸ.ਐੱਫ. ਦੀ ਡਾਇਰੈਕਟਰ ਜਨਰਲ ਨੀਨਾ ਸਿੰਘ ਨੂੰ ਸ਼ਿਕਾਇਤ ਕੀਤੀ ਹੈ, ਜਿਸ ਵਿਚ ਕੰਗਨਾ ਨੇ ਕਿਹਾ ਕਿ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਸ ਨਾਲ ਬਹਿਸ ਕੀਤੀ ਅਤੇ ਏਅਰਪੋਰਟ ਦੇ ਕਰਟਨ ਏਰੀਆ ‘ਚ ਉਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਕੰਗਨਾ ਰਣੌਤ ਦੇ ਨਾਲ ਸਫਰ ਕਰ ਰਹੇ ਸ਼ਖ਼ਸ ਮਯੰਕ ਮਧੁਰ ਨੇ ਕੁਲਵਿੰਦਰ ਕੌਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ (ਸੀ.ਆਈ.ਐੱਸ.ਐੱਫ. ਦੀ ਜਵਾਨ) ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਚੰਡੀਗੜ੍ਹ ਹਵਾਈ ਅੱਡੇ ‘ਤੇ ਸੀ.ਆਈ.ਐੱਸ.ਐੱਫ. ਵੱਲੋਂ ਸੀ.ਸੀ.ਟੀ.ਵੀ. ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਬਾਰੇ ਪੰਜਾਬ ਪੁਲਿਸ ਦੇ ਡੀ.ਐੱਸ.ਪੀ. (ਏਅਰਪੋਰਟ) ਕੁਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਥੱਪੜ ਮਾਰਨ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਪਰ ਇਕ ਮਹਿਲਾ ਕਾਂਸਟੇਬਲ ਨੇ ਕੰਗਨਾ ਰਣੌਤ ਨਾਲ ਬਦਸਲੂਕੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਆਈ ਹੈ। ਫਿਲਹਾਲ ਸੀ.ਆਈ.ਐੱਸ.ਐੱਫ. ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਹਿਲਾ ਮੁਲਾਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਮਾਮਲਾ ਕਿਸਾਨ ਅੰਦੋਲਨ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਕੋਈ ਸ਼ਿਕਾਇਤ ਆਵੇਗੀ ਤਾਂ ਉਹ ਇਸ ‘ਤੇ ਕਾਰਵਾਈ ਕਰਨਗੇ।
ਉਥੇ ਹੀ, ਹਰਿਆਣਾ ਦੇ ਸੀ.ਐੱਮ. ਨਾਇਬ ਸੈਣੀ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ਚੱਲ ਰਹੀ ਹੈ। ਜਿਸ ਕਿਸੇ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸ ਵਿਰੁੱਧ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸੁਰੱਖਿਆ ‘ਚ ਲੱਗਾ ਕੋਈ ਵਿਅਕਤੀ ਅਜਿਹੀ ਘਟਨਾ ਨੂੰ ਅੰਜਾਮ ਦਿੰਦਾ ਹੈ, ਤਾਂ ਇਹ ਮੰਦਭਾਗਾ ਹੈ। ਇਹ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਵੀ ਹੋਇਆ, ਉਹ ਗਲਤ ਹੈ। ਕਿਸਾਨਾਂ ਵੱਲੋਂ ਕੁਲਵਿੰਦਰ ਕੌਰ ਦਾ ਸਮਰਥਨ ਕਰਨ ਦੇ ਸਵਾਲ ‘ਤੇ ਸੀ.ਐੱਮ. ਸੈਣੀ ਨੇ ਕਿਹਾ ਕਿ ਅਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ।
ਕੰਗਨਾ ਰਣੌਤ ਨਾਲ ਬਹਿਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਕੰਗਨਾ ਸਕਿਓਰਿਟੀ ਚੈਕਿੰਗ ਦੇ ਕੋਲ ਹੈ। ਫਿਰ ਇਕ ਅਵਾਜ਼ ਸੁਣਾਈ ਦਿੰਦੀ ਹੈ ਕਿ ਉਡੀਕ ਕਰੋ ਮੈਡਮ। ਕਾਂਸਟੇਬਲ ਕੁਲਵਿੰਦਰ ਕੌਰ ਕਹਿ ਰਹੀ ਹੈ ਕਿ ਜਦੋਂ ਕੰਗਨਾ ਰਣੌਤ ਨੇ ਕਿਸਾਨਾਂ ਬਾਰੇ ਬਿਆਨ ਦਿੱਤਾ, ਤਾਂ ਮੇਰੀ ਮਾਂ ਉੱਥੇ ਹੀ ਅੰਦੋਲਨ ਵਿਚ ਬੈਠੀ ਸੀ।
ਜ਼ਿਕਰਯੋਗ ਹੈ ਕਿ ਕੰਗਨਾ ਨੇ ਪਹਿਲਾਂ ਕਿਸਾਨ ਅੰਦੋਲਨ ਵੇਲੇ ਪੰਜਾਬ ਦੀ ਇਕ ਬਜ਼ੁਰਗ ਔਰਤ ਮਹਿੰਦਰ ਕੌਰ ਨਾਲ ਜੁੜੀ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿਚ ਲਿਖਿਆ ਸੀ, ”ਹਾਹਾਹਾ, ਉਹ ਉਹੀ ਦਾਦੀ ਹੈ, ਜਿਸਨੂੰ ਟਾਈਮ ਮੈਗਜ਼ੀਨ ਦੇ ਕਵਰ ‘ਤੇ ਸਭ ਤੋਂ ਸ਼ਕਤੀਸ਼ਾਲੀ ਭਾਰਤੀ ਦੱਸਿਆ ਗਿਆ ਸੀ ਅਤੇ 100 ਰੁਪਏ ਵਿਚ ਉਪਲੱਬਧ ਹੈ। ਕੰਗਣਾ ਨੇ ਨਾਂ ਲਏ ਬਿਨਾਂ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ ਵਿਚ ਸੀ.ਏ.ਏ. ਅਤੇ ਐੱਨ.ਆਰ.ਸੀ. ਦੇ ਵਿਰੋਧ ਵਿਚ ਸ਼ਾਮਲ ਹੋਈ ਬਿਲਕਿਸ ਬਾਨੋ ਦੱਸਿਆ ਸੀ, ਜਿਸ ਤੋਂ ਬਾਅਦ ਬਠਿੰਡਾ ਵਾਸੀ ਮਹਿੰਦਰ ਕੌਰ ਨੇ ਅਦਾਲਤ ਵਿਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।