#PUNJAB

ਚੋਣ ਰੈਲੀ ਦੌਰਾਨ ਸਵਰਨਕਾਰ ਤੇ ਰਾਮਗੜ੍ਹੀਆ ਭਾਈਚਾਰੇ ਖ਼ਿਲਾਫ਼ ਗ਼ਲਤ ਸ਼ਬਦਾਵਲੀ ਦਾ ਮਾਮਲਾ; ਮੰਤਰੀ ਲਾਲਜੀਤ ਭੁੱਲਰ ਨੇ ਮੰਗੀ ਮੁਆਫੀ

-ਸ੍ਰੀ ਦਰਬਾਰ ਸਾਹਿਬ ‘ਚ ਬਰਤਨਾਂ ਤੇ ਜੋੜਿਆਂ ਦੀ ਕੀਤੀ ਸੇਵਾ
ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਮੇਲ)- ਪਿਛਲੇ ਦਿਨੀਂ ਚੋਣ ਰੈਲੀ ਦੌਰਾਨ ਸਵਰਨਕਾਰ ਅਤੇ ਰਾਮਗੜ੍ਹੀਆ ਭਾਈਚਾਰੇ ਖ਼ਿਲਾਫ਼ ਗ਼ਲਤ ਸ਼ਬਦਾਵਲੀ ਵਰਤਣ ਵਾਲੇ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੁਆਫ਼ੀ ਮੰਗ ਲਈ ਹੈ। ਇਸ ਦੌਰਾਨ ਉਹ ਭੁੱਲ ਬਖਸ਼ਾਉਣ ਲਈ ਬਕਾਇਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਉਥੇ ਜੂਠੇ ਬਰਤਨਾਂ ਅਤੇ ਜੋੜਿਆਂ ਦੀ ਸੇਵਾ ਵੀ ਕੀਤੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਜਾਣੇ-ਅਣਜਾਣੇ ਵਿਚ ਉਨ੍ਹਾਂ ਦੇ ਮੂੰਹੋਂ ਇਸ ਭਾਈਚਾਰੇ ਖ਼ਿਲਾਫ਼ ਗ਼ਲਤ ਸ਼ਬਦ ਨਿਕਲ ਗਏ ਸਨ, ਇਸ ਲਈ ਉਹ ਮੁਆਫ਼ੀ ਮੰਗਦੇ ਹਨ ਅਤੇ ਆਪਣੀ ਭੁੱਲ ਬਖਸ਼ਾਉਣ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਚੋਣ ਰੈਲੀ ਦੌਰਾਨ ਉਨ੍ਹਾਂ ਦੇ ਮੂੰਹੋਂ ਨਿਕਲੇ ਬੋਲਾਂ ਨਾਲ ਜੇ ਕਿਸੇ ਦੀ ਮੰਨ ਨੂੰ ਠੇਸ ਪਹੁੰਚੀ ਹੈ, ਤਾਂ ਉਹ ਖ਼ਿਮਾ ਮੰਗਦੇ ਹਨ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਨ੍ਹਾਂ ਨੂੰ ਇੰਨੀ ਕੁ ਸੁਮੱਤ ਬਖਸ਼ਣ ਕਿ ਅੱਗੇ ਤੋਂ ਉਨ੍ਹਾਂ ਦੇ ਮੂੰਹੋਂ ਕਿਸੇ ਵੀ ਭਾਈਚਾਰੇ ਖ਼ਿਲਾਫ਼ ਭੁੱਲ ਕੇ ਵੀ ਕੋਈ ਗ਼ਲਤ ਸ਼ਬਦ ਨਾ ਨਿਕਲੇ। ਉਹ ਆਸ ਕਰਦੇ ਹਨ ਕਿ ਸਮੂਹ ਰਾਮਗੜ੍ਹੀਆ ਅਤੇ ਸਵਰਨਕਾਰ ਭਾਈਚਾਰਾ ਉਨ੍ਹਾਂ ਦੀ ਭੁੱਲ ਨੂੰ ਮੁਆਫ ਕਰਨਗੇ।