#INDIA

ਚੋਣ ਕਮਿਸ਼ਨ ਨੇ ‘ਆਪ’ ਦੇ ਲੋਕ ਸਭਾ ਚੋਣਾਂ ਲਈ ਪ੍ਰਚਾਰ ਗੀਤ ‘ਤੇ ਕੀਤਾ ਇਤਰਾਜ਼

-ਗੀਤ ਸੋਧਣ ਦੇ ਦਿੱਤੇ ਨਿਰਦੇਸ਼
ਨਵੀਂ ਦਿੱਲੀ, 29 ਅਪ੍ਰੈਲ (ਪੰਜਾਬ ਮੇਲ)- ਦਿੱਲੀ ਦੀਆਂ ਆਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਝਟਕਾ ਦਿੰਦਿਆਂ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਪਾਰਟੀ ਨੂੰ ਲੋਕ ਸਭਾ ਚੋਣਾਂ ਲਈ ਆਪਣੇ ਪ੍ਰਚਾਰ ਗੀਤ ਨੂੰ ਸੋਧਣ ਲਈ ਕਿਹਾ। ਚੋਣ ਪੈਨਲ ਨੇ ਕਿਹਾ ਕਿ ਪ੍ਰਚਾਰ ਗੀਤ ‘ਜੇਲ੍ਹ ਕੇ ਜਵਾਬ ਮੇਂ ਹਮ ਵੋਟ ਦੇਂਗੇ’ ਨਿਆਂਪਾਲਿਕਾ ‘ਤੇ ਦੋਸ਼ ਲਗਾਉਂਦਾ ਹੈ ਤੇ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ।
ਚੋਣ ਪੈਨਲ ਨੇ ਕਿਹਾ ਕਿ ‘ਜੇਲ੍ਹ ਕੇ ਜਵਾਬ ਮੇਂ ਹਮ ਵੋਟ ਦੇਂਗੇ’ ਵਾਕੰਸ਼ ਇੱਕ ਹਮਲਾਵਰ ਭੀੜ ਨੂੰ ਦਰਸਾਉਂਦਾ ਹੈ, ਜਿਸ ਵਿਚ ਅਰਵਿੰਦ ਕੇਜਰੀਵਾਲ ਦੀ ਸਲਾਖਾਂ ਪਿੱਛੇ ਖੜ੍ਹੇ ਹੋਣ ਦੀ ਫੋਟੋ ਨੂੰ ਦਿਖਾਇਆ ਗਿਆ ਹੈ ਅਤੇ ਇਹ ਨਿਆਂਪਾਲਿਕਾ ‘ਤੇ ਨੁਕਤਾਚੀਨੀ ਕਰਦਾ ਹੈ। ਇਸ ਤੋਂ ਇਲਾਵਾ ਇਹ ਵਾਕ ਇਸ਼ਤਿਹਾਰ ਵਿਚ ਕਈ ਵਾਰ ਪ੍ਰਗਟ ਹੁੰਦਾ ਹੈ, ਜੋ ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ, 1994 ਤਹਿਤ ਨਿਰਧਾਰਤ ਪ੍ਰੋਗਰਾਮ ਅਤੇ ਵਿਗਿਆਪਨ ਕੋਡ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮ 6(1(ਜੀ) ਦੇ ਉਪਬੰਧਾਂ ਦੀ ਉਲੰਘਣਾ ਕਰਦਾ ਹੈ। ਪੈਨਲ ਨੇ ‘ਆਪ’ ਨੂੰ ਕਿਹਾ ਕਿ ਉਹ ਲੋੜੀਂਦੀਆਂ ਤਬਦੀਲੀਆਂ ਕਰਨ ਮਗਰੋਂ ਗੀਤ ਨੂੰ ਪ੍ਰਮਾਣੀਕਰਨ ਲਈ ਜਮ੍ਹਾਂ ਕਰਾਉਣ। ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਆਤਿਸ਼ੀ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਭਾਜਪਾ ਦਾ ਸਿਆਸੀ ਹਥਿਆਰ ਬਣ ਚੁੱਕੇ ਚੋਣ ਕਮਿਸ਼ਨ ਨੇ ‘ਆਪ’ ਦੇ ਪ੍ਰਚਾਰ ਗੀਤ ‘ਜੇਲ੍ਹ ਕੇ ਜਵਾਬ ਮੇਂ ਹਮ ਵੋਟ ਦੇਂਗੇ’ ‘ਤੇ ਪਾਬੰਦੀ ਲਾ ਦਿੱਤੀ ਹੈ। ਆਤਿਸ਼ੀ ਨੇ ਕਿਹਾ ਕਿ ਇਹ ਤਾਨਾਸ਼ਾਹੀ ਸਰਕਾਰ ‘ਚ ਹੀ ਹੁੰਦਾ ਹੈ ਕਿ ਵਿਰੋਧੀ ਧਿਰ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਾਂਦਾ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਪ੍ਰਚਾਰ ਕਰਨ ਤੋਂ ਵੀ ਰੋਕਿਆ ਜਾਂਦਾ ਹੈ। ਉਨ੍ਹਾਂ ਕਿਹਾ, ”ਪ੍ਰਚਾਰ ਗੀਤਾਂ ‘ਤੇ ਪਾਬੰਦੀ ਨਾਲ ਪ੍ਰਧਾਨ ਮੰਤਰੀ ਅਤੇ ਭਾਜਪਾ ਦੀ ਤਾਨਾਸ਼ਾਹੀ ਹੋਣ ਦਾ ਇੱਕ ਹੋਰ ਸਬੂਤ ਦੇਸ਼ ਦੇ ਸਾਹਮਣੇ ਆ ਗਿਆ ਹੈ।”