#INDIA

ਚੋਣਾਂ ਜਿੱਤਣ ਵਾਲੇ ਵਿਧਾਇਕਾਂ ਨੂੰ ਵਿਧਾਨ ਸਭਾ ਅਤੇ ਸੰਸਦ ਮੈਂਬਰਸ਼ਿਪ ਵਿਚੋਂ ਕਿਸੇ ਇੱਕ ਦੀ ਕਰਨੀ ਪਵੇਗੀ ਚੋਣ : ਮਾਹਿਰ

ਨਵੀਂ ਦਿੱਲੀ, 4 ਦਸੰਬਰ (ਪੰਜਾਬ ਮੇਲ)- ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲੜਨ ਅਤੇ ਜਿੱਤਣ ਵਾਲੇ ਕਈ ਸੰਸਦ ਮੈਂਬਰਾਂ ਨੂੰ ਅਗਲੇ 14 ਦਿਨਾਂ ਵਿਚ ਵਿਧਾਨ ਸਭਾ ਅਤੇ ਸੰਸਦ ਮੈਂਬਰਸ਼ਿਪ ਵਿਚੋਂ ਇੱਕ ਦੀ ਚੋਣ ਕਰਨੀ ਹੋਵੇਗੀ, ਨਹੀਂ ਤਾਂ ਉਹ ਆਪਣੀ ਸੰਸਦ ਮੈਂਬਰਸ਼ਿਪ ਗੁਆ ਦੇਣਗੇ। ਇੱਕ ਮਾਹਿਰ ਨੇ ਸੰਵਿਧਾਨ ਦੀਆਂ ਧਾਰਾਵਾਂ ਦਾ ਹਵਾਲਾ ਦਿੰਦਿਆਂ ਇਹ ਗੱਲ ਕਹੀ। ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿਚ ਕੇਂਦਰੀ ਮੰਤਰੀਆਂ ਨਰੇਂਦਰ ਸਿੰਘ ਤੋਮਰ, ਪ੍ਰਹਿਲਾਦ ਸਿੰਘ ਪਟੇਲ ਅਤੇ ਫੱਗਣ ਸਿੰਘ ਕੁਲਸਤੇ ਸਣੇ 21 ਸੰਸਦ ਮੈਂਬਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਭਾਜਪਾ ਨੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਸੱਤ-ਸੱਤ, ਛੱਤੀਗਸੜ੍ਹ ਵਿਚ ਚਾਰ ਅਤੇ ਤਿਲੰਗਾਨਾ ਵਿਚ ਤਿੰਨ ਸੰਸਦ ਮੈਂਬਰਾਂ ਨੂੰ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਬਣਾਇਆ ਸੀ। ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਸੰਸਦ ਮੈਂਬਰਾਂ ਨੂੰ ਅਗਲੇ 14 ਦਿਨਾਂ ਵਿਚ ਇਨ੍ਹਾਂ ਵਿਚੋਂ (ਵਿਧਾਨ ਸਭਾ ਮੈਂਬਰਸ਼ਿਪ ਅਤੇ ਸੰਸਦ ਮੈਂਬਰਸ਼ਿਪ) ਇੱਕ ਦੀ ਚੋਣ ਕਰਨੀ ਹੋਵੇਗੀ। ਸੰਵਿਧਾਨ ਮਾਹਿਰ ਅਤੇ ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਪੀਡੀਟੀ ਆਚਾਰੀ ਨੇ ਸੰਵਿਧਾਨ ਦੀ ਧਾਰਾ 101 ਤਹਿਤ 1950 ਵਿਚ ਰਾਸ਼ਟਰਪਤੀ ਵੱਲੋਂ ਜਾਰੀ ਕੀਤੇ ਗਏ ‘ਇੱਕੋ ਸਮੇਂ ਦੋ ਸਦਨਾਂ ਦੀ ਮੈਂਬਰਸ਼ਿਪ ‘ਤੇ ਰੋਕ ਸਬੰਧੀ ਨਿਯਮ’ ਦਾ ਹਵਾਲਾ ਦਿੰਦਿਆਂ ਕਿਹਾ, ”ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ 14 ਦਿਨ ਦੀ ਮਿਆਦ ਪੂਰੀ ਹੋਣ ‘ਤੇ ਉਹ ਸੰਸਦ ਦੀ ਮੈਂਬਰਸ਼ਿਪ ਗੁਆ ਦੇਣਗੇ। ਹਾਲਾਂਕਿ ਉਹ ਰਾਜ ਵਿਧਾਨ ਸਭਾ ਦੇ ਮੈਂਬਰ ਬਣੇ ਰਹਿ ਸਕਦੇ ਹਨ।”