ਨਵੀਂ ਦਿੱਲੀ, 20 ਅਪ੍ਰੈਲ (ਪੰਜਾਬ ਮੇਲ)- ਚੀਫ ਜਸਟਿਸ (ਸੀ.ਜੇ.ਆਈ.) ਡੀਵਾਈ ਚੰਦਰਚੂੜ ਨੇ ਅੱਜ ਨਵੇਂ ਅਪਰਾਧਿਕ ਨਿਆਂ ਕਾਨੂੰਨਾਂ ਦੇ ਲਾਗੂ ਹੋਣ ਨੂੰ ਸਮਾਜ ਲਈ ਇਤਿਹਾਸਕ ਪਲ ਕਰਾਰ ਦਿੱਤਾ ਅਤੇ ਕਿਹਾ ਕਿ ਭਾਰਤ ਆਪਣੀ ਅਪਰਾਧਿਕ ਨਿਆਂ ਪ੍ਰਣਾਲੀ ਵਿਚ ਮਹੱਤਵਪੂਰਨ ਤਬਦੀਲੀਆਂ ਲਈ ਤਿਆਰ ਹੈ। ਇਥੇ ਅਪਰਾਧਿਕ ਨਿਆਂ ਪ੍ਰਣਾਲੀ ਦੇ ਪ੍ਰਸ਼ਾਸਨ ਵਿਚ ਭਾਰਤ ਦਾ ਪ੍ਰਗਤੀਸ਼ੀਲ ਮਾਰਗ ਵਿਸ਼ੇ ‘ਤੇ ਕਾਨਫਰੰਸ ਵਿਚ ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਤਾਂ ਹੀ ਸਫਲ ਹੋਣਗੇ, ਜੇ ਅਸੀਂ ਨਾਗਰਿਕਾਂ ਵਜੋਂ ਉਨ੍ਹਾਂ ਨੂੰ ਅਪਣਾਉਂਦੇ ਹਾਂ। ਚੀਫ ਜਸਟਿਸ ਨੇ ਕਿਹਾ ਕਿ ਨਵੇਂ ਬਣਾਏ ਕਾਨੂੰਨਾਂ ਨੇ ਅਪਰਾਧਿਕ ਨਿਆਂ ਬਾਰੇ ਭਾਰਤ ਦੇ ਕਾਨੂੰਨੀ ਢਾਂਚੇ ਨੂੰ ਨਵੇਂ ਯੁੱਗ ਵਿਚ ਬਦਲ ਦਿੱਤਾ ਹੈ।