ਬੈਂਕਾਕ, 8 ਅਪ੍ਰੈਲ (ਪੰਜਾਬ ਮੇਲ)- ਚੀਨ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਅਮਰੀਕਾ ਟੈਰਿਫ ਲਗਾਉਣ ਦੇ ਨਾਲ-ਨਾਲ ਆਰਥਿਕ ਧੱਕੇਸ਼ਾਹੀ ਵੀ ਕਰ ਰਿਹਾ ਹੈ। ਉਨ੍ਹਾਂ ਨੇ ਟੇਸਲਾ ਸਮੇਤ ਅਮਰੀਕੀ ਕੰਪਨੀਆਂ ਦੇ ਪ੍ਰਤੀਨਿਧੀਆਂ ਨੂੰ ਟੈਰਿਫ ਮੁੱਦੇ ਨੂੰ ਹੱਲ ਕਰਨ ਲਈ ਠੋਸ ਕਦਮ ਚੁੱਕਣ ਲਈ ਕਿਹਾ। ਵਿਦੇਸ਼ ਮਾਮਲਿਆਂ ਦੇ ਬੁਲਾਰੇ ਲਿਨ ਜਿਆਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਨਿਯਮਾਂ ‘ਤੇ ਅਮਰੀਕਾ ਨੂੰ ਤਰਜੀਹ ਦੇਣ ਨਾਲ ਵਿਸ਼ਵ ਉਤਪਾਦਨ ਅਤੇ ਸਪਲਾਈ ਚੇਨ ਦੀ ਸਥਿਰਤਾ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਸਦਾ ਦੁਨੀਆਂ ਦੀ ਆਰਥਿਕ ਸਿਹਤ ਉੱਤੇ ਗੰਭੀਰ ਪ੍ਰਭਾਵ ਪੈਂਦਾ ਹੈ।
ਪਿਛਲੇ ਹਫ਼ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਵਰੀ ਅਤੇ ਮਾਰਚ ਵਿਚ ਪਹਿਲਾਂ ਹੀ ਐਲਾਨੇ ਗਏ 10 ਪ੍ਰਤੀਸ਼ਤ ਟੈਰਿਫ ਤੋਂ ਇਲਾਵਾ ਚੀਨੀ ਸਮਾਨ ‘ਤੇ 34 ਪ੍ਰਤੀਸ਼ਤ ਵਾਧੂ ਟੈਰਿਫ ਲਗਾਇਆ। ਚੀਨ ਅਤੇ ਹੋਰ ਸਰਕਾਰਾਂ ਨੇ ਜਲਦੀ ਹੀ ਜਵਾਬੀ ਕਾਰਵਾਈ ਕੀਤੀ। ਚੀਨ ਨੇ ਅਮਰੀਕੀ ਸਾਮਾਨ ‘ਤੇ 34 ਪ੍ਰਤੀਸ਼ਤ ਟੈਰਿਫ ਦਰ ਦਾ ਐਲਾਨ ਵੀ ਕੀਤਾ। ਸੋਮਵਾਰ ਨੂੰ ਬੀਜਿੰਗ ਨੇ ਵਿਸ਼ਵਾਸ ਦਾ ਸੰਦੇਸ਼ ਦਿੱਤਾ, ਜਦੋਂ ਕਿ ਹਾਂਗ ਕਾਂਗ ਅਤੇ ਸ਼ੰਘਾਈ ਦੇ ਬਾਜ਼ਾਰ ਡਿੱਗ ਗਏ। ਕਮਿਊਨਿਸਟ ਪਾਰਟੀ ਦੇ ਅਧਿਕਾਰਤ ਮੁੱਖ ਪੱਤਰ ‘ਪੀਪਲਜ਼ ਡੇਲੀ’ ਨੇ ਸਖ਼ਤ ਸ਼ਬਦਾਂ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ। ਉਸਨੇ ਕਿਹਾ ਕਿ ”ਅਸਮਾਨ ਨਹੀਂ ਡਿੱਗੇਗਾ,” ਭਾਵੇਂ ਅਮਰੀਕੀ ਟੈਰਿਫ ਲਾਗੂ ਹੋ ਜਾਣ। ਉਸ ਨੇ ਲਿਖਿਆ, ”ਅਮਰੀਕੀ ਟੈਕਸਾਂ ਦੇ ਲਾਪਰਵਾਹ ਹਮਲੇ ਦੇ ਬਾਵਜੂਦ ਅਸੀਂ ਜਾਣਦੇ ਹਾਂ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਸਾਡੇ ਕੋਲ ਸਾਧਨ ਹਨ।”
ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਚੀਨੀ ਨੇਤਾ ਸ਼ੀ ਜਿਨਪਿੰਗ ਟੈਰਿਫਾਂ ‘ਤੇ ਚਰਚਾ ਕਰਨ ਲਈ ਟਰੰਪ ਨਾਲ ਮੁਲਾਕਾਤ ਕਰਨਗੇ ਜਾਂ ਨਹੀਂ। ਸੰਭਾਵੀ ਮੀਟਿੰਗ ਬਾਰੇ ਸਵਾਲਾਂ ਦੇ ਜਵਾਬ ਵਿਚ ਲਿਨ ਨੇ ਕਿਹਾ ਕਿ ਹੋਰ ਵਿਭਾਗ ਇਸਦਾ ਜਵਾਬ ਦੇਣਗੇ। ਹਾਲਾਂਕਿ ਕੁਝ ਚੀਨੀ ਅਧਿਕਾਰੀਆਂ ਨੇ ਹਫਤੇ ਦੇ ਅੰਤ ਵਿਚ ਅਮਰੀਕੀ ਵਪਾਰਕ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿਚ ਟੇਸਲਾ, ਜੀ.ਈ. ਹੈਲਥਕੇਅਰ ਅਤੇ ਹੋਰ ਸ਼ਾਮਲ ਹਨ। ਉਪ ਵਣਜ ਮੰਤਰੀ ਲਿੰਗ ਜੀ ਨੇ 20 ਅਮਰੀਕੀ ਕੰਪਨੀਆਂ ਨਾਲ ਇੱਕ ਮੀਟਿੰਗ ਵਿਚ ਕਿਹਾ, ”ਟੈਰਿਫ ਸਮੱਸਿਆ ਦੀ ਜੜ੍ਹ ਅਮਰੀਕਾ ਵਿਚ ਹੈ।”
ਚੀਨ ਵੱਲੋਂ ਅਮਰੀਕਾ ‘ਤੇ ਟੈਰਿਫ ਦੇ ਨਾਲ-ਨਾਲ ਆਰਥਿਕ ਧੱਕੇਸ਼ਾਹੀ ਦਾ ਦੋਸ਼
