ਪੇਈਚਿੰਗ, 27 ਜੁਲਾਈ (ਪੰਜਾਬ ਮੇਲ)-ਚੀਨ ਨੇ ਬੀਤੇ ਦਿਨੀਂ ਵਿਦੇਸ਼ ਮੰਤਰੀ ਕਿਨ ਗੈਂਗ ਨੂੰ ਅਹੁਦੇ ਤੋਂ ਹਟਾ ਦਿੱਤਾ ਅਤੇ ਉਨ੍ਹਾਂ ਦੀ ਜਗ੍ਹਾ ਵਾਂਗ ਯੀ ਨੂੰ ਨਿਯੁਕਤ ਕੀਤਾ ਹੈ। ਇਸ ਕਦਮ ਨਾਲ ਪਹਿਲਾਂ ਹੀ ਚੀਨ ਦੀ ਕਮਿਊਨਿਸਟ ਪਾਰਟੀ ਦੇ ਵੱਖ-ਵੱਖ ਸੀਨੀਅਰ ਨੇਤਾਵਾਂ ਵਿਚਲੀਆਂ ਸਿਆਸੀ ਦੁਸ਼ਮਣੀਆਂ ਅਤੇ ਉਨ੍ਹਾਂ ਦੇ ਨਿੱਜੀ ਜੀਵਨ ਬਾਰੇ ਉਠ ਰਹੀਆਂ ਅਫਵਾਹਾਂ ਨੂੰ ਹੋਰ ਬਲ ਮਿਲਿਆ ਹੈ। ਸਰਕਾਰੀ ਪ੍ਰਸਾਰਨਕਰਤਾ ਸੀ.ਸੀ.ਟੀ.ਵੀ. ਨੇ ਸ਼ਾਮ ਦੇ ਪ੍ਰਸਾਰਨ ‘ਚ ਇਸ ਦਾ ਐਲਾਨ ਕੀਤਾ ਪਰ ਕਿਨ ਗੈਂਗ ਨੂੰ ਅਹੁਦੇ ਤੋਂ ਹਟਾਉਣ ਦਾ ਕਾਰਨ ਨਹੀਂ ਦੱਸਿਆ। ਗੈਂਗ ਲਗਭਗ ਇਕ ਮਹੀਨੇ ਤੋਂ ਜਨਤਕ ਤੌਰ ‘ਤੇ ਨਜ਼ਰ ਨਹੀਂ ਆਏ ਹਨ ਅਤੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਵਿਦੇਸ਼ ਮੰਤਰਾਲੇ ਨੇ ਆਪਣੀ ਰੋਜ਼ਾਨਾ ਰਿਪੋਰਟ ‘ਚ ਇਸ (ਕਿਨ ਗੈਂਗ ਨੂੰ ਹਟਾਉਣ) ਸਬੰਧੀ ਕੋਈ ਟਿੱਪਣੀ ਨਹੀਂ ਕੀਤੀ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਚੀਨ ਦੀ ਹਮਲਾਵਰ ਵਿਦੇਸ਼ ਨੀਤੀ ਖ਼ਿਲਾਫ਼ ਕਈ ਦੇਸ਼ਾਂ ਨੇ ਪ੍ਰਤੀਕਿਰਿਆ ਦਿੱਤੀ ਹੈ। ਕਿਨ ਗੈਂਗ ਨੂੰ ਹਟਾਉਣ ਬਾਰੇ ਮਨਜ਼ੂਰੀ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਦੀ ਮੀਟਿੰਗ ਵਿਚ ਦਿੱਤੀ ਗਈ ਜਿਹੜੀ ਆਮ ਤੌਰ ‘ਤੇ ਮਹੀਨੇ ਦੇ ਅੰਤ ਵਿਚ ਹੁੰਦੀ ਹੈ। ਇਸ ਨਾਲ ਕਿਨ ਗੈਂਗ ਨੂੰ ਅਹੁਦੇ ਤੋਂ ਹਟਾਉਣ ਸਬੰਧੀ ਭੇਤ ਹੋਰ ਵਧ ਗਿਆ ਹੈ। ਨਵ-ਨਿਯੁਕਤ ਵਿਦੇਸ਼ ਮੰਤਰੀ ਵਾਂਗ ਯੀ ਇਸ ਤੋਂ ਪਹਿਲਾਂ ਪਾਰਟੀ ਦੇ ਵਿਦੇਸ਼ ਮਾਮਲਿਆਂ ਬਾਰੇ ਵਿਭਾਗ ਦੇ ਮੁਖੀ ਰਹੇ ਹਨ।