#INDIA

ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚੋਂ 3 ‘ਚੋਂ ਜਿੱਤੀ ਭਾਜਪਾ

-ਭਾਜਪਾ ਸ਼ਾਸਿਤ ਰਾਜਾਂ ਦੀ ਗਿਣਤੀ 12 ਹੋਈ; ਕਾਂਗਰਸ ਤਿੰਨ ਤੱਕ ਸੀਮਤ
– ਕਾਂਗਰਸ ਨੇ ਰਾਜਸਥਾਨ ਤੇ ਛੱਤੀਸਗੜ੍ਹ ਸੂਬੇ ਗੁਆਏ
-ਦਿੱਲੀ ਤੇ ਪੰਜਾਬ ਵਿਚ ਸਰਕਾਰਾਂ ਦੇ ਨਾਲ ‘ਆਪ’ ਤੀਜੀ ਸਭ ਤੋਂ ਵੱਡੀ ਕੌਮੀ ਪਾਰਟੀ
ਨਵੀਂ ਦਿੱਲੀ, 4 ਦਸੰਬਰ (ਪੰਜਾਬ ਮੇਲ)- ਹਾਲ ਹੀ ਵਿਚ ਚਾਰ ਸੂਬਿਆਂ ‘ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚੋਂ ਤਿੰਨ ‘ਚ ਭਾਜਪਾ ਨੂੰ ਮਿਲੀ ਜਿੱਤ ਤੋਂ ਬਾਅਦ ਹੁਣ 12 ਰਾਜਾਂ ਵਿਚ ਸਿੱਧੇ ਤੌਰ ‘ਤੇ ਇਸ ਪਾਰਟੀ ਦੀ ਸਰਕਾਰ ਕਾਇਮ ਹੋ ਗਈ ਹੈ। ਜਦਕਿ ਕਾਂਗਰਸ ਦੀਆਂ ਸਰਕਾਰ ਅਧੀਨ ਸੂਬਿਆਂ ਦੀ ਗਿਣਤੀ ਘੱਟ ਕੇ 3 ਰਹਿ ਗਈ ਹੈ। ਇਹ ਉਹ ਸੂਬੇ ਹਨ, ਜਿੱਥੇ ਪਾਰਟੀ ਸਿੱਧੇ ਤੌਰ ‘ਤੇ ਖ਼ੁਦ ਸੱਤਾ ਵਿਚ ਹੈ। ਹਾਲ ਦੀਆਂ ਚੋਣਾਂ ਵਿਚ ਪਾਰਟੀ ਨੇ ਰਾਜਸਥਾਨ ਤੇ ਛੱਤੀਸਗੜ੍ਹ ਸੂਬੇ ਗੁਆ ਲਏ ਹਨ। ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ. ਅਧੀਨ ਇਸ ਵੇਲੇ ਜਿਹੜੇ ਸੂਬੇ ਹਨ, ਉਨ੍ਹਾਂ ਵਿਚ ਲੋਕ ਸਭਾ ਦੀਆਂ ਕੁੱਲ 543 ਵਿਚੋਂ ਕਰੀਬ ਅੱਧੀਆਂ ਸੀਟਾਂ ਹਨ, ਜਦਕਿ ਸਿਰਫ਼ ਦੋ ਰਾਜ ਅਜਿਹੇ ਹਨ, ਜਿੱਥੇ ਲੋਕ ਸਭਾ ਦੀਆਂ 50 ਤੋਂ ਘੱਟ ਸੀਟਾਂ ਹਨ ਤੇ ਉੱਥੇ ਅਜਿਹੀਆਂ ਪਾਰਟੀਆਂ ਸੱਤਾ ਵਿਚ ਹਨ, ਜੋ ਨਾ ਤਾਂ ਐੱਨ.ਡੀ.ਏ. ਦੇ ਨਾਲ ਹਨ ਤੇ ਨਾ ਹੀ ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ਦਾ ਹਿੱਸਾ ਹਨ। ਦਿੱਲੀ ਤੇ ਪੰਜਾਬ ਵਿਚ ਸਰਕਾਰਾਂ ਦੇ ਨਾਲ ‘ਆਪ’ ਹੁਣ ਤੀਜੀ ਸਭ ਤੋਂ ਵੱਡੀ ਕੌਮੀ ਪਾਰਟੀ ਹੈ। ਭਾਜਪਾ ਵਰਤਮਾਨ ‘ਚ ਉੱਤਰਾਖੰਡ, ਹਰਿਆਣਾ, ਯੂ.ਪੀ., ਗੁਜਰਾਤ, ਗੋਆ, ਅਸਾਮ, ਤ੍ਰਿਪੁਰਾ, ਮਨੀਪੁਰ ਤੇ ਅਰੁਣਾਚਲ ਪ੍ਰਦੇਸ਼ ਵਿਚ ਸੱਤਾ ‘ਚ ਹੈ। ਹਾਲੀਆਂ ਚੋਣਾਂ ਵਿਚ ਮੱਧ ਪ੍ਰਦੇਸ਼ ‘ਚ ਇਸ ਦੀ ਸੱਤਾ ਕਾਇਮ ਰਹੀ ਹੈ ਤੇ ਰਾਜਸਥਾਨ ਅਤੇ ਛੱਤੀਸਗੜ੍ਹ ਇਸ ਨੇ ਕਾਂਗਰਸ ਤੋਂ ਖੋਹ ਲਏ ਹਨ। ਇਸ ਤੋਂ ਇਲਾਵਾ ਭਗਵਾ ਪਾਰਟੀ ਮਹਾਰਾਸ਼ਟਰ, ਮੇਘਾਲਿਆ, ਨਾਗਾਲੈਂਡ ਤੇ ਸਿੱਕਿਮ ਵਿਚ ਗੱਠਜੋੜ ਸਰਕਾਰ ਚਲਾ ਰਹੀ ਹੈ। ਕਾਂਗਰਸ ਦੀ ਸਰਕਾਰ ਹੁਣ ਸਿਰਫ਼ ਤਿੰਨ ਰਾਜਾਂ- ਕਰਨਾਟਕ, ਹਿਮਾਚਲ ਤੇ ਤਿਲੰਗਾਨਾ ਵਿਚ ਹੈ। ਜਦਕਿ ਬਿਹਾਰ ਤੇ ਝਾਰਖੰਡ ਵਿਚ ਇਹ ਸੱਤਾਧਾਰੀ ਗੱਠਜੋੜ ਦਾ ਹਿੱਸਾ ਹੈ। ਤਾਮਿਲਨਾਡੂ ਵਿਚ ਇਹ ਡੀ.ਐੱਮ.ਕੇ. ਦੀ ਸਹਿਯੋਗੀ ਹੈ, ਹਾਲਾਂਕਿ ਕਾਂਗਰਸ ਤਾਮਿਲਨਾਡੂ ਸਰਕਾਰ ਦਾ ਹਿੱਸਾ ਨਹੀਂ ਹੈ। ਦੱਸਣਯੋਗ ਹੈ ਕਿ ਇਸ ਵੇਲੇ ਛੇ ਪਾਰਟੀਆਂ- ਭਾਜਪਾ, ਕਾਂਗਰਸ, ਬਸਪਾ, ਸੀ.ਪੀ.ਐੱਮ., ਐੱਨ.ਪੀ.ਪੀ. ਤੇ ‘ਆਪ’ ਨੂੰ ਕੌਮੀ ਪਾਰਟੀ ਦਾ ਦਰਜਾ ਹਾਸਲ ਹੈ। ਵਿਧਾਨ ਸਭਾ ਚੋਣਾਂ ਦਾ ਅਗਲਾ ਗੇੜ ਹੁਣ 2024 ਵਿਚ ਦੇਖਣ ਮਿਲੇਗਾ, ਜਦ ਸਿੱਕਿਮ, ਅਰੁਣਾਚਲ, ਉੜੀਸਾ ਤੇ ਆਂਧਰਾ ਪ੍ਰਦੇਸ਼ ਵਿਚ ਚੋਣਾਂ ਹੋਣਗੀਆਂ। ਜੰਮੂ ਕਸ਼ਮੀਰ ਵਿਚ ਵੀ ਅਜੇ ਚੋਣਾਂ ਹੋਣੀਆਂ ਹਨ। ਹਾਲੀਆ ਵਿਧਾਨ ਸਭਾ ਚੋਣਾਂ ਕਈ ਸੰਸਦ ਮੈਂਬਰਾਂ ਨੇ ਵੀ ਲੜੀਆਂ ਹਨ, ਇਸ ਤਰ੍ਹਾਂ ਕਈ ਸੰਸਦੀ ਸੀਟਾਂ ਖਾਲੀ ਹੋਣ ਦੀ ਸੰਭਾਵਨਾ ਹੈ। ਪਰ ਲੋਕ ਸਭਾ ਚੋਣਾਂ ਅਗਲੇ ਸਾਲ ਹੋਣ ਕਾਰਨ ਕੋਈ ਜ਼ਿਮਨੀ ਚੋਣ ਨਹੀਂ ਐਲਾਨੀ ਜਾਵੇਗੀ।