ਮੁਕੇਰੀਆਂ, 3 ਦਸੰਬਰ (ਪੰਜਾਬ ਮੇਲ)- ਗੰਨੇ ਦੇ ਭਾਅ ਵਿੱਚ ਵਾਧੇ ਲਈ ਗੰਨਾ ਕਾਸ਼ਤਕਾਰਾਂ ਵਲੋਂ ਕੌਮੀ ਮਾਰਗ ਉਤੇ ਮੁਕੇਰੀਆਂ ਖੰਡ ਮਿੱਲ ਮੂਹਰੇ ਲਗਾਇਆ ਧਰਨਾ ਅੱਜ ਵਿਸ਼ਾਲ ਰੂਪ ਧਾਰ ਗਿਆ ਹੈ। ਬੀਤੇ ਕੱਲ੍ਹ ਪ੍ਰਸ਼ਾਸਨ ਵਲੋਂ ਕਿਸਾਨਾਂ ਨਾਲ ਕੀਤੀ ਕਥਿਤ ਧੱਕੇਸ਼ਾਹੀ ਖਿਲਾਫ ਕਿਸਾਨਾਂ ਵਿੱਚ ਰੋਸ ਵਧ ਗਿਆ ਹੈ। ਇਕ ਕਿਸਾਨ ਆਗੂ ਦੀ ਪੱਗ ਉਤਾਰੇ ਜਾਣ ਦੀ ਵਾਈਰਲ ਵੀਡੀਓ ਨੂੰ ਵੀ ਕਿਸਾਨਾਂ ਵਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਅੱਜ ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸ਼ਾਮਲ ਹੋ ਕੇ ਤਕੜੇ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਅਗਲੀ ਵਿਉਂਤਬੰਦੀ ਲਈ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿੱਚ ਧਰਨੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਵਲੋਂ ਗੁਪਤ ਮੀਟਿੰਗ ਕੀਤੀ ਜਾ ਰਹੀ ਹੈ। ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀ ਯੂਨੀਅਨ ਦੀ ਆਗੂ ਜਸਵਿੰਦਰ ਕੌਰ ਨੇ ਵੀ ਧਰਨੇ ਵਿੱਚ ਪੁੱਜ ਕੇ ਕਿਸਾਨ ਧਰਨੇ ਦਾ ਸਮਰਥਨ ਕੀਤਾ ਹੈ।