#AMERICA

ਗ੍ਰੰਥੀ ਸਿੰਘ ਨੇ ਅਮਰੀਕੀ ਪ੍ਰਤੀਨਿਧੀ ਸਭਾ ਦੀ ਕਾਰਵਾਈ ਅਰਦਾਸ ਨਾਲ ਸ਼ੁਰੂ ਕਰਵਾਕੇ ਰਚਿਆ ਇਤਿਹਾਸ

ਵਾਸ਼ਿੰਗਟਨ, 30 ਸਤੰਬਰ (ਪੰਜਾਬ ਮੇਲ)- ਅਮਰੀਕਾ ਵਿਚ ਨਿਊਜਰਸੀ ਦੇ ਇਕ ਸਿੱਖ ਗ੍ਰੰਥੀ ਨੇ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੀ ਕਾਰਵਾਈ ਸ਼ੁਰੂ ਕਰਨ ਲਈ ਅਰਦਾਸ ਕੀਤੀ, ਜੋ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਨਿਊਜਰਸੀ ਦੇ ਪਾਈਨ ਹਿੱਲ ਗੁਰਦੁਆਰੇ ਦੇ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਦਨ ਵਿਚ ਅਰਦਾਸ ਕਰਕੇ ਦਿਨ ਦੀ ਕਾਰਵਾਈ ਸ਼ੁਰੂ ਕੀਤੀ। ਆਮ ਤੌਰ ‘ਤੇ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਪਾਦਰੀ ਪ੍ਰਾਰਥਨਾ ਕਰਦਾ ਹੈ। ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਨੇ ਐਲਾਨ ਕੀਤਾ ਕਿ ਸਿੰਘ ਕਾਰਵਾਈ ਸ਼ੁਰੂ ਕਰਨਗੇ।
ਅਰਦਾਸ ਤੋਂ ਤੁਰੰਤ ਬਾਅਦ ਕਾਂਗਰਸਮੈਨ ਡੋਨਾਲਡ ਨੌਰਕਰੌਸ ਨੇ ਇਸ ਨੂੰ ਇਤਿਹਾਸਕ ਮੌਕਾ ਦੱਸਿਆ। ਸਿੰਘ ਅਮਰੀਕਾ ਦੇ ਪ੍ਰਤੀਨਿਧੀ ਸਭਾ (ਸੰਸਦ ਦੇ ਹੇਠਲੇ ਸਦਨ) ਵਿਚ ਅਰਦਾਸ ਕਰਨ ਵਾਲੇ ਪਹਿਲੇ ਸਿੱਖ ਗ੍ਰੰਥੀ ਹਨ। ਨੌਰਕਰੌਸ ਨੇ ਕਿਹਾ, ”ਅੱਜ ਰਚਿਆ ਗਿਆ ਇਤਿਹਾਸ ਇਹ ਯਾਦ ਦਿਵਾਉਂਦਾ ਹੈ ਕਿ ਅਮਰੀਕਾ ਧਰਮ ਦੇ ਸੁਤੰਤਰ ਪ੍ਰਗਟਾਵੇ ਦਾ ਸੁਆਗਤ ਕਰਦਾ ਹੈ ਅਤੇ ਉਸ ਨੂੰ ਅਹਿਮੀਅਤ ਦਿੰਦਾ ਹੈ ਅਤੇ ਹਮੇਸ਼ਾ ਇਸ ਲਈ ਵਚਨਬੱਧ ਰਹੇਗਾ। ਗਿਆਨੀ ਸਿੰਘ ਨੇ ਅੱਜ ਸਾਊਥ ਜਰਸੀ ਨੂੰ ਮਾਣ ਮਹਿਸੂਸ ਕਰਾਇਆ ਹੈ ਅਤੇ ਉਨ੍ਹਾਂ ਨਾਲ ਇਸ ਪਲ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ।”

Leave a comment