ਵਾਸ਼ਿੰਗਟਨ, 11 ਜਨਵਰੀ (ਪੰਜਾਬ ਮੇਲ)– ਨਵ-ਨਿਯੁਕਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ਨੂੰ ਲੈ ਕੇ ਦਿੱਤੀ ਗਈ ਧਮਕੀ ਤੋਂ ਬਾਅਦ ਹੁਣ ਨਾਟੋ ਦੇ 2 ਪ੍ਰਮੁੱਖ ਦੇਸ਼ਾਂ ਜਰਮਨੀ ਅਤੇ ਫਰਾਂਸ ਨੇ ਪਹਿਲੀ ਵਾਰ ਇਸ ਨੂੰ ਲੈ ਕੇ ਬਿਆਨ ਦਿੱਤਾ ਹੈ, ਜਿਸ ‘ਚ ਗ੍ਰੀਨਲੈਂਡ ਦੇ ਮੁੱਦੇ ‘ਤੇ ਅਮਰੀਕਾ ਨੂੰ ਯੂਰਪੀਅਨ ਏਕਤਾ ਦਾ ਸੰਦੇਸ਼ ਦਿੱਤਾ ਗਿਆ ਹੈ। ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨੇ ਗ੍ਰੀਨਲੈਂਡ ਨੂੰ ਲੈ ਕੇ ਟਰੰਪ ਦੀ ਧਮਕੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਸਰਹੱਦਾਂ ਦੀ ਅਖੰਡਤਾ ਦਾ ਸਿਧਾਂਤ ਹਰ ਦੇਸ਼ ‘ਤੇ ਲਾਗੂ ਹੁੰਦਾ ਹੈ, ਭਾਵੇਂ ਉਹ ਬਹੁਤ ਛੋਟਾ ਹੋਵੇ ਜਾਂ ਬਹੁਤ ਸ਼ਕਤੀਸ਼ਾਲੀ। ਉਥੇ ਹੀ ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਨੋਏਲ ਬੈਰੋਟ ਨੇ ਕਿਹਾ ਕਿ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਯੂਰਪੀਅਨ ਯੂਨੀਅਨ ਦੂਜੇ ਦੇਸ਼ਾਂ ਨੂੰ ਆਪਣੀ ਪ੍ਰਭੂਸੱਤਾ ਵਾਲੀਆਂ ਸਰਹੱਦਾਂ ‘ਤੇ ਹਮਲਾ ਨਹੀਂ ਕਰਨ ਦੇਵੇਗੀ।
ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਗ੍ਰੀਨਲੈਂਡ ਨੂੰ ਹਾਸਲ ਕਰਨ ਦੀ ਆਪਣੀ ਇੱਛਾ ਫਿਰ ਦੁਹਰਾਈ ਸੀ। ਟਰੰਪ ਨੇ ਕਿਹਾ ਸੀ ਕਿ ਆਰਕਟਿਕ ਟਾਪੂ ਅਮਰੀਕਾ ਦੀ ਰਾਸ਼ਟਰੀ ਅਤੇ ਆਰਥਿਕ ਸੁਰੱਖਿਆ ਲਈ ਮਹੱਤਵਪੂਰਨ ਹਨ। ਡੋਨਾਲਡ ਟਰੰਪ ਗ੍ਰੀਨਲੈਂਡ ਅਤੇ ਅਮਰੀਕਾ ਨੂੰ ਲੈ ਕੇ ਕਈ ਵਾਰ ਬਿਆਨ ਦੇ ਚੁੱਕੇ ਹਨ। ਉੱਤਰੀ ਅਮਰੀਕਾ ਅਤੇ ਯੂਰਪ ਦੇ ਸਭ ਤੋਂ ਛੋਟੇ ਸਮੁੰਦਰੀ ਰਸਤੇ ‘ਤੇ ਸਥਿਤ ਗ੍ਰੀਨਲੈਂਡ ਅਮਰੀਕਾ ਦਾ ਲੰਬੇ ਸਮੇਂ ਤੋਂ ਸਹਿਯੋਗੀ ਡੈਨਮਾਰਕ ਦਾ ਖੁਦਮੁਖਤਿਆਰ ਖੇਤਰ ਹੈ।
ਡੈਨਮਾਰਕ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਗ੍ਰੀਨਲੈਂਡ ਕਿਸੇ ਨੂੰ ਦੇਣ ਲਈ ਨਹੀਂ ਹੈ, ਸਗੋਂ ਇਹ ਉਸਦੇ ਵਾਸੀਆਂ ਦਾ ਹੈ। ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਮਯੂਟ ਏਗੇਡੇ ਡੈਨਮਾਰਕ ਤੋਂ ਆਜ਼ਾਦੀ ਲਈ ਜ਼ੋਰ ਦੇ ਰਹੇ ਹਨ ਪਰ ਉਨ੍ਹਾਂ ਨੇ ਵੀ ਟਰੰਪ ਦੇ ਬਿਆਨ ਤੋਂ ਬਾਅਦ ਕਿਹਾ ਕਿ ਇਹ ਖੇਤਰ ਵਿਕਰੀ ਲਈ ਨਹੀਂ ਹੈ। ਇਸ ਦੌਰਾਨ ਜਰਮਨੀ ਦੇ ਚਾਂਸਲਰ ਸਕੋਲਜ਼ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਵੱਲੋਂ ਆ ਰਹੇ ਬਿਆਨਾਂ ਬਾਰੇ ਕੁਝ ਗਲਤਫਹਿਮੀ ਹੈ। ਸਰਹੱਦਾਂ ਦੀ ਅਖੰਡਤਾ ਦਾ ਸਿਧਾਂਤ ਹਰ ਦੇਸ਼ ‘ਤੇ ਲਾਗੂ ਹੁੰਦਾ ਹੈ, ਭਾਵੇਂ ਪੂਰਬ ‘ਚ ਹੋਣ ਜਾਂ ਪੱਛਮ ‘ਚ।