ਵਾਸ਼ਿੰਗਟਨ, 29 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸਾਰੇ ਥਰਡ ਵਰਲਡ ਦੇ ਦੇਸ਼ਾਂ ਤੋਂ ਪਰਵਾਸ (ਮਾਈਗ੍ਰੇਸ਼ਨ) ਨੂੰ ਹਮੇਸ਼ਾ ਲਈ ਰੋਕ ਦੇਣਗੇ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣਗੇ, ਜੋ ਸੁਰੱਖਿਆ ਲਈ ਖ਼ਤਰਾ ਹਨ। ਉਨ੍ਹਾਂ ਦਾ ਇਹ ਬਿਆਨ ਇੱਕ ਅਫਗਾਨ ਨਾਗਰਿਕ ਵੱਲੋਂ ਨੈਸ਼ਨਲ ਗਾਰਡ ਮੈਂਬਰ ਦੀ ਹੱਤਿਆ ਤੋਂ ਬਾਅਦ ਆਇਆ ਹੈ। ਇਸ ਉਪਰੰਤ ਉਨ੍ਹਾਂ ਦੇ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ‘ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ।
ਟਰੰਪ ਪ੍ਰਸ਼ਾਸਨ ਨੇ ਵਾਸ਼ਿੰਗਟਨ ਡੀ.ਸੀ. ਵਿਚ ਹੋਈ ਗੋਲੀਬਾਰੀ ਦੇ ਮੱਦੇਨਜ਼ਰ 19 ਚਿੰਤਾਜਨਕ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਜਾਰੀ ਕੀਤੇ ਗਏ ਸਾਰੇ ਗ੍ਰੀਨ ਕਾਰਡਾਂ ਦੀ ਵਿਆਪਕ ਸਮੀਖਿਆ ਦਾ ਐਲਾਨ ਕੀਤਾ ਹੈ।
ਗੋਲੀਬਾਰੀ ਦਾ ਸ਼ੱਕੀ ਅਫਗਾਨ ਨਾਗਰਿਕ ਰਹਿਮਾਨੁੱਲਾ ਲਕਨਵਾਲ, ਅਫਗਾਨਾਂ ਲਈ ਬਾਇਡਨ-ਯੁੱਗ ਦੇ ਮੁੜ ਵਸੇਬਾ ਪ੍ਰੋਗਰਾਮ ਅਪਰੇਸ਼ਨ ਅਲਾਈਜ਼ ਵੈਲਕਮ ਰਾਹੀਂ ਅਮਰੀਕਾ ਵਿਚ ਦਾਖਲ ਹੋਇਆ ਸੀ।
ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਯੋਜਨਾ ਥਰਡ ਵਰਲਡ ਦੇ ਦੇਸ਼ਾਂ ਤੋਂ ਇਮੀਗ੍ਰੇਸ਼ਨ ‘ਤੇ ਅਣਮਿੱਥੇ ਸਮੇਂ ਲਈ ਰੋਕ ਲਗਾਉਣ ਦੀ ਹੈ।
ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਦੇ ਡਾਇਰੈਕਟਰ ਜੋਸਫ ਐਡਲੋ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਨ੍ਹਾਂ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਜਾਰੀ ਕੀਤੇ ਗਏ ਹਰੇਕ ਗ੍ਰੀਨ ਕਾਰਡ ਦੀ ਪੂਰੇ ਪੈਮਾਨੇ ‘ਤੇ ਸਖ਼ਤ ਮੁੜ-ਜਾਂਚ ਦਾ ਆਦੇਸ਼ ਦਿੱਤਾ ਹੈ। ਐਡਲੋ ਨੇ ਐਕਸ ‘ਤੇ ਇੱਕ ਪੋਸਟ ਵਿਚ ਕਿਹਾ, ”ਇਸ ਦੇਸ਼ ਅਤੇ ਅਮਰੀਕੀ ਲੋਕਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ,” ਅਤੇ ਉਨ੍ਹਾਂ ਪਿਛਲੇ ਪ੍ਰਸ਼ਾਸਨ ਦੀਆਂ ਲਾਪਰਵਾਹ ਮੁੜ ਵਸੇਬਾ ਨੀਤੀਆਂ ਦੀ ਆਲੋਚਨਾ ਕੀਤੀ।
ਯੂ.ਐੱਸ.ਸੀ.ਆਈ.ਐੱਸ. ਦੇ ਅਨੁਸਾਰ ਏਜੰਸੀ ਨੂੰ ਹੁਣ 19 ਉੱਚ-ਜੋਖਮ ਵਾਲੇ ਦੇਸ਼ਾਂ ਦੇ ਲੋਕਾਂ ਲਈ ਇਮੀਗ੍ਰੇਸ਼ਨ ਲਾਭਾਂ ਦਾ ਮੁਲਾਂਕਣ ਕਰਦੇ ਸਮੇਂ ਨਕਾਰਾਤਮਕ, ਦੇਸ਼-ਵਿਸ਼ੇਸ਼ ਕਾਰਕਾਂ ‘ਤੇ ਵਿਚਾਰ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਇਨ੍ਹਾਂ ਦੇਸ਼ਾ ਵਿਚ ਅਫਗਾਨਿਸਤਾਨ, ਮਿਆਂਮਾਰ, ਬੁਰੂੰਡੀ, ਚਾਡ, ਕਾਂਗੋ ਗਣਰਾਜ, ਕਿਊਬਾ, ਇਕਵਾਟੋਰੀਅਲ ਗਿਨੀ, ਇਰੀਟਰੀਆ, ਹੈਤੀ, ਈਰਾਨ, ਲਾਓਸ, ਲੀਬੀਆ, ਸੀਅਰਾ ਲਿਓਨ, ਸੋਮਾਲੀਆ, ਸੂਡਾਨ, ਟੋਗੋ, ਤੁਰਕਮੇਨਿਸਤਾਨ, ਵੈਨੇਜ਼ੁਏਲਾ ਅਤੇ ਯਮਨ ਸ਼ਾਮਲ ਹਨ।
ਇਹ ਦੇਸ਼ ਜੂਨ ਵਿਚ ਟਰੰਪ ਵੱਲੋਂ ਜਾਰੀ ਇੱਕ ਯਾਤਰਾ-ਪਾਬੰਦੀ ਘੋਸ਼ਣਾ ਵਿਚ ਵੀ ਸ਼ਾਮਲ ਸਨ, ਜੋ ਰਾਸ਼ਟਰੀ ਸੁਰੱਖਿਆ ਕਾਰਨਾਂ ਕਰਕੇ ਕੁਝ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾਉਂਦਾ ਸੀ।
ਹਾਲਾਂਕਿ ਇਹ ਨਵੀਂ ਜਾਂਚ ਬੁੱਧਵਾਰ ਨੂੰ ਯੂ.ਐੱਸ. ਆਰਮੀ ਸਪੈਸ਼ਲਿਸਟ ਸਾਰਾਹ ਬੈਕਸਟ੍ਰੋਮ (20) ਅਤੇ ਯੂ.ਐੱਸ. ਏਅਰ ਫੋਰਸ ਸਟਾਫ ਸਾਰਜੈਂਟ ਐਂਡਰਿਊ ਵੁਲਫ (24) ਦੀ ਗੋਲੀਬਾਰੀ ਤੋਂ ਬਾਅਦ ਆਈ ਹੈ। ਟਰੰਪ ਨੇ ਧੰਨਵਾਦ ਦਿਵਸ (ਥੈਂਕਸ ਗੀਵਿੰਗ) ‘ਤੇ ਐਲਾਨ ਕੀਤਾ ਕਿ ਬੈਕਸਟ੍ਰੋਮ ਦੀਆਂ ਸੱਟਾਂ ਕਾਰਨ ਮੌਤ ਹੋ ਗਈ ਹੈ, ਜਦੋਂਕਿ ਵੁਲਫ ਗੰਭੀਰ ਹਾਲਤ ਵਿਚ ਰਹੇ।
ਟਰੰਪ ਨੇ ਡੀ.ਸੀ. ਗੋਲੀਬਾਰੀ ਨੂੰ ਇੱਕ ਅੱਤਵਾਦੀ ਹਮਲਾ ਦੱਸਿਆ ਅਤੇ ਪਿਛਲੀ ਅਫਗਾਨ ਨਿਕਾਸੀ ਕੋਸ਼ਿਸ਼ ਦੀ ਆਲੋਚਨਾ ਕਰਦੇ ਹੋਏ ਦਾਅਵਾ ਕੀਤਾ ਕਿ ਜਿਨ੍ਹਾਂ ਲੋਕਾਂ ਨੂੰ ਏਅਰਲਿਫਟ ਕੀਤਾ ਗਿਆ ਸੀ, ਉਨ੍ਹਾਂ ਦੀ ਨਾਕਾਫੀ ਸਕ੍ਰੀਨਿੰਗ ਕੀਤੀ ਗਈ ਸੀ।
ਗੋਲੀਬਾਰੀ ਦੀ ਘਟਨਾ ਮਾਮਲਾ: ਟਰੰਪ ਵੱਲੋਂ ਜ਼ੋਖਮ ਭਰੇ ਦੇਸ਼ਾਂ ਤੋਂ ਅਣਮਿੱਥੇ ਸਮੇਂ ਲਈ ਇਮੀਗ੍ਰੇਸ਼ਨ ਰੋਕਣ ਦਾ ਵਾਅਦਾ

