ਫਿਰੌਤੀ ਅਤੇ ਗੋਲੀਬਾਰੀ ਮਾਮਲੇ ‘ਚ ਲੋੜੀਂਦੇ ਹਨ ਦੋਵੇਂ ਮੁਲਜ਼ਮ
ਨਵੀਂ ਦਿੱਲੀ, 27 ਜੂਨ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ‘ਫਿਰੌਤੀ ਅਤੇ ਗੋਲੀਬਾਰੀ’ ਮਾਮਲੇ ਵਿਚ ਲੋੜੀਂਦੇ ਕੈਨੇਡਾ ‘ਚ ਰਹਿ ਰਹੇ ਅੱਤਵਾਦੀ ਗੋਲਡੀ ਬਰਾੜ ਤੇ ਇਕ ਹੋਰ ਮੁਲਜ਼ਮ ਦੀ ਗ੍ਰਿਫ਼ਤਾਰੀ ‘ਚ ਮਦਦ ਕਰਨ ਵਾਲੀ ਸੂਚਨਾ ਸਾਂਝੀ ਕਰਨ ਵਾਲੇ ਵਿਅਕਤੀਆਂ ਨੂੰ 10-10 ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵੇਂ ਮੁਲਜ਼ਮ ਇਸ ਸਾਲ 8 ਮਾਰਚ ਨੂੰ ਫਿਰੌਤੀ ਲਈ ਇਕ ਕਾਰੋਬਾਰੀ ਦੇ ਘਰ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਲੋੜੀਂਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਆਦੇਸ਼ ਨਗਰ ਨਿਵਾਸੀ ਸ਼ਮਸ਼ੇਰ ਸਿੰਘ ਦੇ ਪੁੱਤਰ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਅਤੇ ਪੰਜਾਬ ਦੇ ਹੀ ਰਾਜਪੁਰਾ ਸਥਿਤ ਬਾਬਾ ਦੀਪ ਸਿੰਘ ਕਾਲੋਨੀ ਨਿਵਾਸੀ ਸੁਖਜਿੰਦਰ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਉਰਫ ਗੋਲਡੀ ਰਾਜਪੁਰਾ ਖ਼ਿਲਾਫ਼ ਆਈ. ਪੀ. ਸੀ., ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਬਿਆਨ ਵਿਚ ਕਿਹਾ ਗਿਆ ਹੈ, ”ਐੱਨ.ਆਈ.ਏ. ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿਚ ਫਿਰੌਤੀ ਅਤੇ ਇਕ ਕਾਰੋਬਾਰੀ ਦੇ ਘਰ ‘ਤੇ ਗੋਲੀਆਂ ਚਲਾਉਣ ਦੇ ਮਾਮਲੇ ‘ਚ ਲੋੜੀਂਦੇ ਅੱਤਵਾਦੀ ਗੋਲਡੀ ਬਰਾੜ ਅਤੇ ਇਕ ਹੋਰ ਗੈਂਗਸਟਰ ਦੀ ਗ੍ਰਿਫਤਾਰੀ ‘ਤੇ ਨਕਦ ਇਨਾਮ ਦਾ ਐਲਾਨ ਕੀਤਾ ਹੈ।” ਏਜੰਸੀ ਨੇ ਦੋਵਾਂ ‘ਚੋਂ ਕਿਸੇ ਦੀ ਵੀ ਗ੍ਰਿਫਤਾਰੀ ਲਈ ਅਹਿਮ ਜਾਣਕਾਰੀ ਦੇਣ ਲਈ 10-10 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਸ ਸਬੰਧੀ ਸੂਚਨਾ ਐੱਨ.ਆਈ.ਏ. ਹੈੱਡਕੁਆਰਟਰ ਦੇ ਫੋਨ ਨੰਬਰ, ਈਮੇਲ, ਵ੍ਹਟਸਐਪ ਜਾਂ ਟੈਲੀਗ੍ਰਾਮ ਐਪ ਰਾਹੀਂ ਦਿੱਤੀ ਜਾ ਸਕਦੀ ਹੈ।