– ਫਰਜ਼ੀ ਏਜੰਟ ਉਠਾ ਰਹੇ ਹਨ ਲੋਕਾਂ ਦੀ ਲਾਲਸਾ ਦਾ ਫਾਇਦਾ
– ਮੈਕਸੀਕੋ ‘ਚ ਸ਼ੁਰੂ ਹੁੰਦੀ ਹੈ ਖੇਡ
ਲੁਧਿਆਣਾ, 8 ਨਵੰਬਰ (ਪੰਜਾਬ ਮੇਲ)- ਅਮਰੀਕਾ ਜਾ ਕੇ ਪੈਸਾ ਕਮਾਉਣ ਦੀ ਲਾਲਸਾ ਕਾਰਨ ਭਾਰਤੀ, ਖਾਸ ਕਰ ਕੇ ਪੰਜਾਬੀ ਕਿਸੇ ਨਾ ਕਿਸੇ ਤਰ੍ਹਾਂ ਉੱਥੋਂ ਜਾਣ ਦੀ ਤਿਆਰੀ ‘ਚ ਲੱਗੇ ਰਹਿੰਦੇ ਹਨ। ਇਸ ਦੇ ਲਈ ਭਾਰਤੀ, ਖਾਸ ਕਰ ਕੇ ਪੰਜਾਬ ਦੇ ਲੋਕ ਲੱਖਾਂ ਰੁਪਏ ਖਰਚ ਕਰਨ ਵਿਚ ਵੀ ਪਿੱਛੇ ਨਹੀਂ ਹਟਦੇ। ਇਸ ਲਾਲਚ ‘ਚ ਏਜੰਟਾਂ ਦੇ ਝਾਂਸੇ ਵਿਚ ਆ ਕੇ ਲੋਕ ਲੱਖਾਂ ਰੁਪਏ ਖਰਾਬ ਕਰ ਲੈਂਦੇ ਹਨ, ਜਦੋਂਕਿ ਕਈ ਲੋਕ ਨਾਜਾਇਜ਼ ਤੌਰ ‘ਤੇ ਯੂ.ਐੱਸ.ਏ. ਵਿਚ ਦਾਖਲ ਹੋਣ ਲਈ ਕਈ ਜ਼ੋਖਮ ਵੀ ਉਠਾਉਂਦੇ ਹਨ।
ਸੈਂਕੜੇ ਕਿਲੋਮੀਟਰ ਦੇ ਸੰਘਣੇ ਜੰਗਲਾਂ, ਕੰਡਿਆਲੀਆਂ ਤਾਰਾਂ ਅਤੇ ਕੰਧਾਂ ਪਾਰ ਕਰ ਕੇ ਵੀ ਲੋਕ ਯੂ.ਐੱਸ. ਪੁੱਜਣ ਦਾ ਯਤਨ ਕਰਦੇ ਹਨ, ਜਿਸ ਵਿਚ ਜ਼ਿਆਦਾਤਰ ਲੋਕ ਨਾਕਾਮ ਹੁੰਦੇ ਹੋਏ ਯੂ.ਐੱਸ. ਬਾਰਡਰ ਸਕਿਓਰਿਟੀ ਦੇ ਹੱਥੇ ਚੜ੍ਹ ਜਾਂਦੇ ਹਨ ਜਾਂ ਫਿਰ ਜੰਗਲਾਂ ਦੇ ਰਸਤੇ ‘ਚ ਹੀ ਦਮ ਤੋੜ ਦਿੰਦੇ ਹਨ।
ਲੋਕਾਂ ਦੀ ਵਿਦੇਸ਼ ਜਾ ਕੇ ਪੈਸਾ ਕਮਾਉਣ ਦੀ ਇੱਛਾ ਕਾਰਨ ਪੰਜਾਬ ‘ਚ ਫਰਜ਼ੀ ਏਜੰਟ ਖੂਬ ਪੈਸਾ ਕਮਾ ਰਹੇ ਹਨ। ਅਮਰੀਕਾ ਬਾਰਡਰ ਸਕਿਓਰਿਟੀ ਫੋਰਸ (ਯੂ.ਸੀ.ਬੀ.ਸੀ.) ਵੱਲੋਂ ਭਾਰਤ ਦੇ ਲੋਕਾਂ ਦੇ ਨਾਜਾਇਜ਼ ਦਾਖਲੇ ‘ਤੇ ਹੈਰਾਨੀਜਨਕ ਖੁਲਾਸੇ ਕੀਤੇ ਗਏ ਹਨ। ਯੂ.ਸੀ.ਬੀ.ਸੀ. ਮੁਤਾਬਕ ਅਕਤੂਬਰ 2022 ਤੋਂ ਸਤੰਬਰ 2023 ਦੇ ਇਕ ਸਾਲ ‘ਚ ਯੂ.ਐੱਸ. ਵਿਚ ਨਾਜਾਇਜ਼ ਤੌਰ ‘ਤੇ ਦਾਖਲ ਹੋਣ ਦਾ ਯਤਨ ਕਰ ਰਹੇ ਕਰੀਬ 97000 ਭਾਰਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ‘ਚ 730 ਨਾਬਾਲਗ ਵੀ ਸ਼ਾਮਲ ਹਨ। ਕਾਬੂ ਕੀਤੇ ਗਏ ਇਨ੍ਹਾਂ ਲੋਕਾਂ ‘ਚ ਜ਼ਿਆਦਾਤਰ ਪੰਜਾਬ ਅਤੇ ਇਸ ਦੇ ਸਰਹੱਦੀ ਇਲਾਕਿਆਂ ਦੇ ਹਨ। ਅੰਕੜਿਆਂ ਮੁਤਾਬਕ ਨਾਜਾਇਜ਼ ਤੌਰ ‘ਤੇ ਕਰੀਬ 80 ਹਜ਼ਾਰ ਲੋਕ ਯੂ.ਐੱਸ. ਵਿਚ ਦਾਖਲ ਹੋਣ ‘ਚ ਵੀ ਸਫਲ ਹੋ ਗਏ।
ਯੂ.ਐੱਸ. ਵਿਚ ਦਾਖਲ ਹੋਣ ਸਬੰਧੀ ਸਰਗਰਮ ਫਰਜ਼ੀ ਏਜੰਟ ਯੂ.ਐੱਸ. ਦੇ ਕੋਲ ਮੈਕਸੀਕੋ ਤੱਕ ਪੁੱਜਣ ਲਈ ਵੱਖ-ਵੱਖ ਉਡਾਨਾਂ ਰਾਹੀਂ ਭੇਜਦੇ ਹਨ, ਜਿੱਥੋਂ ਉਹ ਲੋਕ ਬੱਸਾਂ, ਟੈਕਸੀਆਂ ਰਾਹੀਂ ਅੱਗੇ ਜਾਂਦੇ ਹਨ ਅਤੇ ਪੈਦਲ ਚਲਦੇ ਹੋਏ ਕਈ ਜੰਗਲਾਂ ਤੋਂ ਗੁਜ਼ਰਨ ਤੋਂ ਬਾਅਦ ਬਾਰਡਰ ‘ਤੇ ਲੱਗੀਆਂ ਕੰਡਿਆਲੀਆਂ ਤਾਰਾਂ ਅਤੇ ਕੰਧਾਂ ਟੱਪ ਕੇ ਯੂ.ਐੱਸ. ਵਿਚ ਦਾਖਲ ਹੁੰਦੇ ਹਨ।
ਜਾਣਕਾਰੀ ਮੁਤਾਬਕ ਮੈਕਸੀਕੋ ‘ਚ ਇਸ ਫਰਜ਼ੀਵਾੜੇ ਨਾਲ ਜੁੜੇ ਲੋਕ ਉੱਥੇ ਪੁੱਜਣ ਵਾਲੇ ਪ੍ਰਵਾਸੀਆਂ ਨੂੰ ਬਾਰਡਰ ਪਾਰ ਕਰਵਾਉਣ ਦੇ ਨਾਲ ਹੀ ਇਸ ਗੱਲ ਦੀ ਸਿਖਲਾਈ ਵੀ ਦਿੰਦੇ ਹਨ ਕਿ ਉਨ੍ਹਾਂ ਵੱਲੋਂ ਫੜੇ ਜਾਣ ‘ਤੇ ਅਧਿਕਾਰੀਆਂ ਨੂੰ ਕੀ ਕਹਿਣਾ ਹੈ ਅਤੇ ਕਿੱਥੇ ਜਾਣਾ ਹੈ, ਤਾਂ ਕਿ ਸ਼ਰਣ ਲੈਣ ਦੇ ਮਾਮਲੇ ‘ਚ ਖੇਡ ਖੇਡੀ ਜਾ ਸਕੇ ਅਤੇ ਸ਼ਰਣ ਦੀ ਸੁਣਵਾਈ ਦਾ ਇੰਤਜ਼ਾਰ ਕਰਦੇ ਹੋਏ ਦੇਸ਼ ‘ਚ ਦਾਖਲ ਕੀਤਾ ਜਾ ਸਕੇ। ਉਹ ਸ਼ਰਣਾਰਥੀ ਵਜੋਂ ਉੱਥੇ ਟਿਕ ਸਕਣ। ਅਮਰੀਕਨ ਸਰਕਾਰ ਮੁਤਾਬਕ ਫੜੇ ਜਾਣ ‘ਤੇ ਅਜਿਹੇ ਲੋਕ ਖੁਦ ਨੂੰ ਭਾਰਤ ‘ਚ ਅਸੁਰੱਖਿਅਤ ਹੋਣ ਦੀ ਗੱਲ ਕਹਿ ਕੇ ਆਪਣੇ ਦੇਸ਼ ਵਾਪਸ ਨਾ ਮੁੜਨ ਦੀ ਗੱਲ ਕਹਿ ਕੇ ਬਚਣ ਦਾ ਯਤਨ ਕਰਦੇ ਹਨ।
ਅੰਕੜਿਆਂ ਮੁਤਾਬਕ ਨਾਜਾਇਜ਼ ਤੌਰ ‘ਤੇ ਯੂ.ਐੱਸ. ਬਾਰਡਰ ਪਾਰ ਕਰਨ ਵਾਲਿਆਂ ਦੀ ਗਿਣਤੀ ‘ਚ ਪਿਛਲੇ ਸਾਲਾਂ ਤੋਂ ਕਾਫੀ ਜ਼ਿਆਦਾ ਵਾਧਾ ਦੇਖਿਆ ਗਿਆ ਹੈ। ਸਾਲ 2019-20 ‘ਚ 19883, ਸਾਲ 2020-221 ‘ਚ 30662, ਸਾਲ 2021-22 ਵਿਚ 63927 ਸੀ, ਜੋ ਸਾਲ 2022-23 ਵਿਚ ਵਧ ਕੇ 96917 ਤੱਕ ਜਾ ਪੁੱਜੀ। ਫੜੇ ਗਏ ਇਨ੍ਹਾਂ ਲੋਕਾਂ ‘ਚੋਂ ਕਰੀਬ 30 ਹਜ਼ਾਰ ਵਿਅਕਤੀਆਂ ਨੂੰ ਕੈਨੇਡਾ ਬਾਰਡਰ, ਮੈਕਸੀਕੋ ਦੇ ਬਾਰਡਰ ‘ਤੇ ਕਰੀਬ 41 ਹਜ਼ਾਰ ਅਤੇ ਹੋਰਨਾਂ ਨੂੰ ਦੂਜੀਆਂ ਸਰਹੱਦਾਂ ਤੋਂ ਫੜਿਆ ਗਿਆ। ਫੜੇ ਗਏ ਲੋਕਾਂ ਨੂੰ 4 ਗਰੁੱਪਾਂ ‘ਚ ਵੰਡ ਕੇ ਦੇਖਿਆ ਜਾਂਦਾ ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਲੋਕ ਬਾਲਗ ਪਾਏ ਜਾਂਦੇ ਹਨ, ਜਦੋਂਕਿ ਇਨ੍ਹਾਂ ਵਿਚ ਸਾਥ ਵਿਚ ਰਹਿਣ ਵਾਲੇ ਨਾਬਾਲਗ, ਇਕ ਪਰਿਵਾਰ ਇਕਾਈ ਵਿਚ ਵਿਅਕਤੀ ਅਤੇ ਇਕੱਲੇ ਬੱਚੇ ਸ਼ਾਮਲ ਹਨ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਸਰਗਰਮ ਫਰਜ਼ੀ ਏਜੰਟ ਵਿਦੇਸ਼ ਜਾ ਕੇ ਪੈਸਾ ਕਮਾਉਣ ਦੀ ਲਾਲਸਾ ਰੱਖਣ ਵਾਲੇ ਅਜਿਹੇ ਲੋਕਾਂ ਦਾ ਫਾਇਦਾ ਉਠਾ ਰਹੇ ਹਨ। ਇਹ ਲੋਕ ਨਾਜਾਇਜ਼ ਤੌਰ ‘ਤੇ ਅਮਰੀਕਾ ਜਾਂ ਦੂਜੇ ਦੇਸ਼ਾਂ ‘ਚ ਭੇਜਣ ਬਦਲੇ ਲੱਖਾਂ ਰੁਪਏ ਠੱਗ ਲੈਂਦੇ ਹਨ। ਆਏ ਦਿਨ ਪੁਲਿਸ ਦੇ ਕੋਲ ਇਸ ਸਬੰਧੀ ਸ਼ਿਕਾਇਤਾਂ ਪੁੱਜ ਰਹੀਆਂ ਹਨ, ਜੋ ਇਨ੍ਹਾਂ ਠੱਗਾਂ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਹਨ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਪੰਜਾਬ ਸਰਕਾਰ ਹੀ ਅਜਿਹੇ ਫਰਜ਼ੀ ਏਜੰਟਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦੇਵੇ, ਤਾਂ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ।