#PUNJAB

ਗੈਂਗਸਟਰ ਲਖਬੀਰ ਲੰਡਾ ਦੀ ਮਾਂ, ਭੈਣ ਅਤੇ ਕਾਂਸਟੇਬਲ ਜੀਜਾ ਗ੍ਰਿਫ਼ਤਾਰ

ਜਲੰਧਰ, 15 ਜੂਨ (ਪੰਜਾਬ ਮੇਲ)- ਜਲੰਧਰ ਦੇ ਮਾਡਲ ਟਾਊਨ ‘ਚ ਇਕ ਕਾਰੋਬਾਰੀ ਤੋਂ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਅੱਤਵਾਦੀ ਅਤੇ ਗੈਂਗਸਟਰ ਲੰਡਾ ਅਤੇ ਉਸ ਦੇ ਸਾਥੀ ਦੇ 6 ਰਿਸ਼ਤੇਦਾਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਲਖਬੀਰ ਸਿੰਘ ਲੰਡਾ ਦੀ ਮਾਂ ਪਰਮਿੰਦਰ ਕੌਰ, ਭੈਣ ਜਸਪਾਲ ਕੌਰ, ਕਾਂਸਟੇਬਲ ਜੀਜਾ ਰਣਜੋਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਸ਼ਨੀਵਾਰ ਨੂੰ ਕਿਹਾ ਕਿ ਸਾਰੇ ਮੈਂਬਰਾਂ ਨੂੰ ਗੈਂਗਸਟਰਾਂ ਨੂੰ ਪਨਾਹ ਦੇਣ ਅਤੇ ਅਪਰਾਧਿਕ ਸਾਜ਼ਿਸ਼ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਵਿਚ 12 ਜੂਨ 2024 ਨੂੰ ਆਈ.ਪੀ.ਸੀ. ਦੀ ਧਾਰਾ 384, 386, 387, 212, 216ਏ ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ। ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਗਈ, ਜਿਨ੍ਹਾਂ ਨੇ ਯਾਦਵਿੰਦਰ ਸਿੰਘ ਅਤੇ ਲਖਬੀਰ ਸਿੰਘ ਲੰਡਾ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ।
ਗ੍ਰਿਫਤਾਰ ਵਿਅਕਤੀ ਲਖਬੀਰ ਸਿੰਘ ਦੇ ਸਾਲੇ ਰਣਜੋਧ ਸਿੰਘ, ਉਸਦੀ ਭੈਣ ਜਸਪਾਲ ਕੌਰ ਅਤੇ ਉਸਦੀ ਮਾਤਾ ਪਰਮਿੰਦਰ ਕੌਰ ਹਨ। ਇਸੇ ਤਰ੍ਹਾਂ ਯਾਦਵਿੰਦਰ ਸਿੰਘ ਦੇ ਪਿਤਾ ਜੈਕਾਰ ਸਿੰਘ, ਉਸ ਦੀ ਮਾਤਾ ਬਲਜੀਤ ਕੌਰ ਅਤੇ ਉਸ ਦੀ ਭੈਣ ਹੁਸਨਪ੍ਰੀਤ ਕੌਰ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀਆਂ ਯਾਦਵਿੰਦਰ ਸਿੰਘ ਅਤੇ ਲਖਬੀਰ ਸਿੰਘ ਲੰਡਾ ਵੱਲੋਂ ਕਥਿਤ ਤੌਰ ‘ਤੇ ਕੀਤੇ ਗਏ ਫਿਰੌਤੀ ਨਾਲ ਸਬੰਧਤ ਅਪਰਾਧਾਂ ਦੀ ਜਾਂਚ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਹਨ।