#PUNJAB

ਗੁਰੂਗ੍ਰਾਮ ਵਿਚ ਤਿੰਨ ਕੰਪਨੀਆਂ ਦੀ 1128 ਕਰੋੜ ਦੀ ਸੰਪਤੀ ਜ਼ਬਤ

-ਸੀ.ਬੀ.ਆਈ. ਵੱਲੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਤਤਕਾਲੀ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਡਾਇਰੈਕਟਰ ਰਹੇ ਟੀਸੀ ਗੁਪਤਾ ਸਣੇ 14 ਕਾਲੋਨਾਈਜ਼ਰਾਂ ਤੇ ਕੰਪਨੀਆਂ ਨਾਲ ਜੁੜੇ ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ
ਚੰਡੀਗੜ੍ਹ, 29 ਅਗਸਤ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੱਜ ਹਰਿਆਣਾ ਵਿਚ ਤਿੰਨ ਵੱਡੀਆਂ ਕੰਪਨੀਆਂ ਦੀ 1128 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਜ਼ਬਤ (ਅਟੈਚ) ਕੀਤੀ ਹੈ। ਬਿਲਡਰ ਲਾਬੀ ਖ਼ਿਲਾਫ਼ ਇਹ ਕਾਰਵਾਈ ਵਿਧਾਨ ਸਭਾ ਚੋਣਾਂ ਵਿਚਾਲੇ ਹੋਈ ਹੈ। ਇਨ੍ਹਾਂ ਕੰਪਨੀਆਂ ਵਿਚ ਐਮਾਰ, ਐੱਮ.ਜੀ.ਐੱਫ. ਅਤੇ ਸਨ ਸਟਾਰ ਓਵਰਸੀਜ਼ ਸ਼ਾਮਲ ਹਨ। ਇਸ ਸੰਦਰਭ ਵਿਚ ਸੀ.ਬੀ.ਆਈ. ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਤਤਕਾਲੀ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਡਾਇਰੈਕਟਰ ਰਹੇ ਟੀਸੀ ਗੁਪਤਾ ਸਣੇ 14 ਕਾਲੋਨਾਈਜ਼ਰਾਂ ਤੇ ਕੰਪਨੀਆਂ ਨਾਲ ਜੁੜੇ ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ।
ਈ.ਡੀ. ਨੇ ਐਮਾਰ ਇੰਡੀਆ ਪ੍ਰਾਈਵੇਟ ਲਿਮਿਟਡ ਦੀ 501.13 ਕਰੋੜ ਅਤੇ ਐੱਮਜੀਐੱਫ ਡਿਵੈਲਪਮੈਂਟ ਲਿਮਿਟਡ ਦੀ 332.69 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਹੈ। ਇਨ੍ਹਾਂ ਦੋਵੇਂ ਕੰਪਨੀਆਂ ਦੀ 834.03 ਕਰੋੜ ਰੁਪਏ ਕੀਮਤ ਦੀ 401.65 ਏਕੜ ਜ਼ਮੀਨ ਨੂੰ ਅਸਥਾਈ ਤੌਰ ‘ਤੇ ਜ਼ਬਤ ਕੀਤਾ ਗਿਆ ਹੈ। ਇਹ ਜ਼ਮੀਨ ਹਰਿਆਣਾ ਦੇ ਗੁਰੂਗ੍ਰਾਮ ਤੇ ਦਿੱਲੀ ਦੇ ਆਸ-ਪਾਸ 20 ਤੋਂ ਵੱਧ ਪਿੰਡਾਂ ‘ਚ ਦੱਸੀ ਜਾਂਦੀ ਹੈ। ਉੱਧਰ, ਸਟਾਰ ਓਵਰਸੀਜ਼ ਦੀ 294.19 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਗਈ ਹੈ।