#AMERICA

ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਦੇ ਮੋਰਪਾਰਕ ਦੀਆਂ ਖੇਡਾਂ ‘ਚ ਹਿੱਸਾ ਲੈ ਕੇ ਵਧਾਇਆ ਭਾਈਚਾਰੇ ਦਾ ਮਾਣ

ਫਰਿਜ਼ਨੋ, 30 ਅਪ੍ਰੈਲ (ਪੰਜਾਬ ਮੇਲ)- ਫਰਿਜ਼ਨੋ ਨਿਵਾਸੀ ਐਥਲੀਟ ਸ. ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿਚ ਅਕਸਰ ਸੀਨੀਅਰ ਖੇਡਾਂ ਵਿਚ ਭਾਗ ਲੈ ਕੇ ਭਾਈਚਾਰੇ ਦਾ ਨਾਮ ਰੌਸ਼ਨ ਕਰਦੇ ਰਹਿੰਦੇ ਹਨ। ਇਸੇ ਕੜੀ ਤਹਿਤ ਬੀਤੇ ਐਤਵਾਰ ਉਨ੍ਹਾਂ ਕੈਲੀਫੋਰਨੀਆ ਦੇ ਸ਼ਹਿਰ ਮੋਰਪਾਰਕ ਵਿਚ 69ਵੀਂ ਦੱਖਣੀ ਕੈਲੀਫੋਰਨੀਆ ਸਟ੍ਰਾਈਡਰਜ਼ ਟ੍ਰੈਕ ਐਂਡ ਫੀਲਡ ਗੇਮਾਂ ਵਿਚ ਹਿੱਸਾ ਲਿਆ ਤੇ ਕਈ ਮੈਡਲ ਆਪਣੇ ਨਾਮ ਕੀਤੇ। ਇਹ ਖੇਡਾਂ  ਮੋਰਪਾਰਕ ਸਿਟੀ ਕਾਲਜ ਸਟੇਡੀਅਮ ਵਿਚ ਹੋਈਆਂ। ਇਨ੍ਹਾਂ ਖੇਡਾਂ ਦੌਰਾਨ ਗੁਰਬਖ਼ਸ਼ ਸਿੰਘ ਸਿੱਧੂ ਨੇ ਹੈਮਰ ਥਰੋ ਵਿਚ 36:36 ਮੀਟਰ ਦੀ ਦੂਰੀ ਨਾਲ ਗੋਲਡ ਮੈਡਲ ਜਿੱਤਿਆ। ਭਾਰ ਥਰੋ ਵਿਚ 12:91 ਮੀਟਰ ਦੀ ਦੂਰੀ ਨਾਲ ਗੋਲਡ ਮੈਡਲ ਜਿੱਤਿਆ ਅਤੇ ਸ਼ਾਟ ਪੁੱਟ ਵਿਚ 8:84 ਮੀਟਰ ਦੀ ਦੂਰੀ ਨਾਲ ਗੋਲਡ ਮੈਡਲ ਅਤੇ ਡਿਸਕਸ ਥਰੋ ਵਿਚ 26:75 ਮੀਟਰ ਦੀ ਦੂਰੀ ਨਾਲ ਸਿਲਵਰ ਮੈਡਲ ਜਿੱਤਿਆ। ਕੈਲੀਫੋਰਨੀਆ, ਐਰੀਜ਼ੋਨਾ ਅਤੇ ਨੇਵਾਡਾ ਰਾਜ ਦੇ ਲਗਭਗ 200 ਐਥਲੀਟਾਂ ਨੇ ਇਸ ਟਰੈਕ ਅਤੇ ਫੀਲਡ ਮੀਟ ਵਿਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਮੈਂ ਫਰਿਜ਼ਨੋ ਦੇ ਫਲਾਇਰਜ਼ ਕਲੱਬ ਦੀ ਨੁਮਾਇੰਦਗੀ ਕੀਤੀ ਅਤੇ ਕਲੱਬ ਲਈ 38 ਅੰਕ ਪ੍ਰਾਪਤ ਕੀਤੇ।