#PUNJAB

ਗੁਰਦੁਆਰਿਆਂ ‘ਤੇ ਟਿੱਪਣੀ ਦਾ ਮਾਮਲਾ; ਵਿਵਾਦਤ ਭਾਜਪਾ ਆਗੂ ਪਾਰਟੀ ‘ਚੋਂ ਕੱਢਿਆ

ਚੰਡੀਗੜ੍ਹ, 8 ਨਵੰਬਰ (ਪੰਜਾਬ ਮੇਲ)- ਰਾਜਸਥਾਨ ਦੇ ਤਜਾਰਾ ‘ਚ ਭਾਜਪਾ ਦੀ ਚੋਣ ਰੈਲੀ ਦੌਰਾਨ ਸੰਦੀਪ ਦਾਇਮਾ ਵੱਲੋਂ ਗੁਰਦੁਆਰਿਆਂ ਨੂੰ ਲੈ ਕੇ ਕੀਤੀ ਗਈ ਭੜਕਾਊ ਟਿੱਪਣੀ ‘ਤੇ ਉਸ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ। ਇਹ ਕਾਰਵਾਈ ਉਦੋਂ ਹੋਈ ਹੈ, ਜਦੋਂ ਪੰਜਾਬ ਭਾਜਪਾ ਦੇ ਆਗੂ ਉਸ ਖ਼ਿਲਾਫ਼ ਨਿੱਤਰ ਆਏ। ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਦੀ ਅਗਵਾਈ ਹੇਠ ਵਫ਼ਦ ਨੇ ਸੰਦੀਪ ਦਾਇਮਾ ਖ਼ਿਲਾਫ਼ ਚੰਡੀਗੜ੍ਹ ਦੇ ਥਾਣਾ ਸੈਕਟਰ-39 ਵਿਚ ਸ਼ਿਕਾਇਤ ਦਿੱਤੀ। ਇਸ ਮੌਕੇ ਪੰਜਾਬ ਭਾਜਪਾ ਓ.ਬੀ.ਸੀ. ਮੋਰਚਾ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ, ਸਕੱਤਰ ਕੰਵਰ ਸਿੰਘ ਟੌਹੜਾ, ਬੁਲਾਰਾ ਪ੍ਰਿਤਪਾਲ ਸਿੰਘ ਬਲੀਏਵਾਲ ਅਤੇ ਐਡਵੋਕੇਟ ਹਰਨੀਤ ਸਿੰਘ ਵੀ ਹਾਜ਼ਰ ਸਨ। ਰਾਜਸਥਾਨ ਪ੍ਰਦੇਸ਼ ਅਨੁਸ਼ਾਸਨ ਕਮੇਟੀ ਦੇ ਪ੍ਰਧਾਨ ਓਂਕਾਰ ਸਿੰਘ ਲਖਾਵਤ ਦੇ ਦਸਤਖ਼ਤਾਂ ਹੇਠ ਜਾਰੀ ਪੱਤਰ ‘ਚ ਕਿਹਾ ਗਿਆ ਹੈ ਕਿ ਸੰਦੀਪ ਦਾਇਮਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹਟਾਇਆ ਜਾਂਦਾ ਹੈ। ਜੈ ਇੰਦਰ ਕੌਰ ਨੇ ਪਾਰਟੀ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਦਾਇਮਾ ਦੀ ਟਿੱਪਣੀ ਸਵੀਕਾਰ ਨਹੀਂ ਕੀਤੀ ਜਾ ਸਕਦੀ ਹੈ। ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਇਮਾ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।
ਇਸ ਤੋਂ ਪਹਿਲਾਂ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਸੰਦੀਪ ਦਾਇਮਾ ਵੱਲੋਂ ਗੁਰਦੁਆਰਿਆਂ ਅਤੇ ਮਸਜਿਦਾਂ ਵਿਰੁੱਧ ਕੀਤੀ ਗਈ ਨਫ਼ਰਤ ਭਰੀ ਟਿੱਪਣੀ ਨੇ ਸਾਰਿਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸਿਰਫ਼ ਮੁਆਫ਼ੀ ਮੰਗਣ ਨਾਲ ਹੀ ਉਸ ਨੂੰ ਬਖ਼ਸ਼ਿਆ ਨਹੀਂ ਜਾ ਸਕਦਾ ਹੈ।” ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਅਜਿਹੀ ਟਿੱਪਣੀ ਕਰਨ ਵਾਲੇ ਵਿਅਕਤੀ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਉਹ ਪਹਿਲਾਂ ਹੀ ਸੰਦੀਪ ਦਾਇਮਾ ਖ਼ਿਲਾਫ਼ ਕੇਂਦਰੀ ਲੀਡਰਸ਼ਿਪ ਨੂੰ ਸ਼ਿਕਾਇਤ ਦੇ ਚੁੱਕੇ ਹਨ। ਜੈ ਇੰਦਰ ਕੌਰ ਨੇ ਕਿਹਾ ਕਿ ਸੰਦੀਪ ਦਾਇਮਾ ਨੇ ਜਾਣਬੁੱਝ ਕੇ ਦੇਸ਼ ਦੇ ਸ਼ਾਂਤੀਪੂਰਨ ਮਾਹੌਲ ਨੂੰ ਵਿਗਾੜਨ ਲਈ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਨੇ ਇਸ ਬਿਆਨ ਦਾ ਨੋਟਿਸ ਲਿਆ ਹੈ। ਬਾਅਦ ‘ਚ ਜੈ ਇੰਦਰ ਕੌਰ ਨੇ ਸੰਦੀਪ ਦਾਇਮਾ ਨੂੰ ਪਾਰਟੀ ਵਿਚੋਂ ਕੱਢਣ ਲਈ ਭਾਜਪਾ ਹਾਈਕਮਾਂਡ ਦਾ ਧੰਨਵਾਦ ਵੀ ਕੀਤਾ। ਦੱਸਣਯੋਗ ਹੈ ਕਿ ਸੰਦੀਪ ਦਾਇਮਾ ਨੇ ਰਾਜਸਥਾਨ ਦੇ ਤਜਾਰਾ ‘ਚ ਚੋਣ ਰੈਲੀ ਦੌਰਾਨ ਕਿਹਾ ਸੀ ਕਿ ਰੇਗਿਸਤਾਨੀ ਸੂਬੇ ਵਿਚ ਜੋ ਗੁਰਦੁਆਰੇ ਖੁੱਲ੍ਹੇ ਹਨ, ਉਹ ‘ਖੁੱਲ੍ਹੇ ਜ਼ਖ਼ਮ ਹੋਣਗੇ ਤੇ ਉਨ੍ਹਾਂ ਨੂੰ ਉਖਾੜ ਦੇਣਾ ਚਾਹੀਦਾ ਹੈ।’ ਉਂਜ ਮਾਮਲਾ ਭਖਣ ‘ਤੇ ਦਾਇਮਾ ਨੇ ਇਸ ਟਿੱਪਣੀ ਲਈ ਮੁਆਫ਼ੀ ਮੰਗ ਲਈ ਸੀ।