#PUNJAB

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਜ਼ਮੀਨ ਵਿਚੋਂ ਕੁਝ ਹਿੱਸਾ ਕਿਸੇ ਹੋਰ ਕਾਰਜ ਲਈ ਦੇਣ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਇਤਰਾਜ਼ ਪ੍ਰਗਟ

-ਰਾਏ ਬੁਲਾਰ ਭੱਟੀ ਵੱਲੋਂ ਗੁਰੂ ਘਰ ਨੂੰ ਭੇਟ ਕੀਤੀ ਜ਼ਮੀਨ ਕਿਸੇ ਹੋਰ ਕਾਰਜ ਲਈ ਵਰਤਣ ਦਾ ਫੈਸਲਾ ਤੁਰੰਤ ਰੋਕੇ ਪਾਕਿਸਤਾਨ ਸਰਕਾਰ : ਐਡਵੋਕੇਟ ਧਾਮੀ
ਅੰਮ੍ਰਿਤਸਰ, 2 ਦਸੰਬਰ (ਪੰਜਾਬ ਮੇਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਸਰਕਾਰ ਵੱਲੋਂ ਗੁਰੂ ਘਰ ਦੇ ਸੇਵਕ ਰਾਏ ਬੁਲਾਰ ਭੱਟੀ ਵੱਲੋਂ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਘਰ ਦੇ ਨਾਮ ਕੀਤੀ ਜ਼ਮੀਨ ਵਿਚੋਂ ਕੁਝ ਹਿੱਸਾ ਕਿਸੇ ਹੋਰ ਕਾਰਜ ਲਈ ਦੇਣ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਰਾਏ ਬੁਲਾਰ ਭੱਟੀ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਪਾਕਿਸਤਾਨ ਦੀ ਸਰਕਾਰ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਨਾਮ ਕੀਤੀ ਜਮੀਨ ਵਿਚੋਂ ਕਰੀਬ 60 ਫੀਸਦੀ ਹਿੱਸਾ ਕਿਸੇ ਹੋਰ ਕਾਰਜ ਲਈ ਇੱਕ ਟਰੱਸਟ ਨੂੰ ਦੇਣ ਦੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਏ ਬੁਲਾਰ ਭੱਟੀ ਗੁਰੂ ਘਰ ਦੇ ਅਨਿੰਨ ਸ਼ਰਧਾਲੂ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਵਜੋਂ 750 ਮੁਰੱਬੇ ਜ਼ਮੀਨ ਭੇਟ ਕੀਤੀ ਸੀ। ਉਨ੍ਹਾਂ ਕਿਹਾ ਕਿ ਰਾਏ ਬੁਲਾਰ ਭੱਟੀ ਦੇ ਪਰਿਵਾਰ ਦੀ ਅੱਜ ਵੀ ਗੁਰੂ ਘਰ ਪ੍ਰਤੀ ਉਸੇ ਤਰ੍ਹਾਂ ਸ਼ਰਧਾ ਬਰਕਰਾਰ ਹੈ ਅਤੇ ਅਜਿਹੀ ਕਾਰਵਾਈ ਨਾਲ ਸਿੱਖਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਵੀ ਗਹਿਰੀ ਸੱਟ ਵੱਜੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜ਼ਮੀਨਾਂ ਦੀ ਦੇਖ ਰੇਖ ਕਰ ਰਹੇ ਔਕਾਫ ਬੋਰਡ ਨੂੰ ਵੀ ਤੁਰੰਤ ਹਰਕਤ ਵਿਚ ਆਉਂਦਿਆਂ ਗੁਰੂ ਘਰ ਦੀ ਜ਼ਮੀਨ-ਜਾਇਦਾਦ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ। ਉਨ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਿਹਾ ਕਿ ਉਹ ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ ਉੱਥੋਂ ਦੀ ਉੱਚ ਅਦਾਲਤ ਵਿਚ ਕੇਸ ਦਾਇਰ ਕਰਨ ਅਤੇ ਇਸ ਕਾਰਵਾਈ ਨੂੰ ਰੋਕਣ ਲਈ ਹਰ ਹੀਲਾ ਵਰਤਣ। ਐਡਵੋਕੇਟ ਧਾਮੀ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗੁਰੂ ਘਰ ਦੀ ਜ਼ਮੀਨ ਨੂੰ ਕਿਸੇ ਹੋਰ ਕਾਰਜ ਲਈ ਤਬਦੀਲ ਕਰਨ ਦਾ ਫੈਸਲਾ ਤੁਰੰਤ ਰੋਕੇ ਅਤੇ ਇਹ ਜ਼ਮੀਨ ਪਹਿਲਾਂ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਨਾਮ ਕੀਤੀ ਜਾਵੇ।