#PUNJAB

ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਚ ਵਾਪਰੀ ਘਟਨਾ ਮਾਮਲੇ ‘ਚ 7 ਦੋਸ਼ੀ ਗ੍ਰਿਫ਼ਤਾਰ

-ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰ ਕੀਤੇ ਕਈ ਖੁਲਾਸੇ
ਸੁਲਤਾਨਪੁਰ ਲੋਧੀ, 29 ਨਵੰਬਰ (ਪੰਜਾਬ ਮੇਲ)- ਗੁਰਦੁਆਰਾ ਸ੍ਰੀ ਅਕਾਲ ਬੁੰਗਾ ਵਿਚ ਹੋਈ ਹਿੰਸਕ ਘਟਨਾ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿਚ ਉਨ੍ਹਾਂ ਨੇ ਇਸ ਸਮੁੱਚੀ ਘਟਨਾ ਨੂੰ ਕਈ ਕੜੀਆਂ ਨਾਲ ਜੋੜਿਆ।
ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਵਿਚ ਹੋਈ ਹਿੰਸਕ ਘਟਨਾ ਤੋਂ ਬਾਅਦ ਪੁਲਿਸ ਨੇ ਸਖ਼ਤੀ ਕੀਤੀ ਸੀ, ਜਿਸ ਤੋਂ ਬਾਅਦ ਗੁਰਪੁਰਬ ਅਤੇ ਨਿਹੰਗ ਸਿੰਘਾਂ ਦਾ ਮਹੱਲਾ ਸ਼ਾਤੀਪੁਰਣ ਢੰਗ ਨਾਲ ਸਮਾਪਤ ਹੋਇਆ।
ਉੱਥੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿਚ ਉਨ੍ਹਾਂ ਨੇ ਇਸ ਸਮੁੱਚੀ ਘਟਨਾ ਨੂੰ ਕਈ ਕੜੀਆਂ ਨਾਲ ਜੋੜਿਆ। ਇਸ ਦੇ ਨਾਲ ਹੀ ਦੱਸਿਆ ਕਿ ਕਿਸ ਤਰ੍ਹਾਂ ਗੁਰਦੁਆਰਾ ਅਕਾਲ ਬੁੰਗਾ ਵਿਖੇ ਹੋਈ ਹਿੰਸਕ ਘਟਨਾ ਤੋਂ ਬਾਅਦ ਪੁਲਿਸ ਨੇ ਸਿਆਣਪ ਅਤੇ ਸਖਤੀ ਨਾਲ ਕੰਮ ਕੀਤਾ ਅਤੇ ਫਿਰ ਲੋਕਾਂ ਨਾਲ ਤਾਲਮੇਲ ਕਰਕੇ ਪੂਰਾ ਮੇਲਾ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਕਰਵਾਇਆ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਿੰਸਕ ਘਟਨਾ ਦੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਵਿਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਹਾਲਾਤਾਂ ਵਿਚ ਮਹੱਲਾ ਕਰਵਾਉਣਾ ਬਹੁਤ ਔਖਾ ਸੀ ਪਰ ਲੋਕਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਸਹਿਯੋਗ ਨਾਲ ਪੁਲਿਸ ਨੇ ਇਸ ਕਾਰਜ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਿਆ। ਪੁਲਿਸ ਨੇ ਇੱਕ ਵਾਰ ਫਿਰ ਸਪੱਸ਼ਟ ਕੀਤਾ ਕਿ ਉਦੋਂ ਤੱਕ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਦੇ ਡੇਰੇ ਦੀ ਜ਼ਮੀਨ ‘ਤੇ ਧਾਰਾ 145 ਲਾਗੂ ਰਹੇਗੀ, ਜਦੋਂ ਤੱਕ ਇਸ ਨੂੰ ਲੈ ਕੇ ਕੋਈ ਅਦਾਲਤੀ ਫੈਸਲਾ ਨਹੀਂ ਆ ਜਾਂਦਾ।