#CANADA

ਗੁਰਦੁਆਰਾ ਸਿੱਖ ਟੈਂਪਲ Edmonton ਦੇ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ

– ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਕੀਤੀ ਖੁਦਕੁਸ਼ੀ
– ਇੰਜੀਨੀਅਰ ਸਰਬਜੀਤ ਸਿੰਘ ਵੀ ਗੰਭੀਰ ਜ਼ਖਮੀ
ਅਲਬਰਟਾ, 9 ਅਪ੍ਰੈਲ (ਪੰਜਾਬ ਮੇਲ)-  ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ‘ਚ ਇੱਕ ਨਾਮੀਂ ਬਿਲਡਰ ਅਤੇ ਸ਼ਹਿਰ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਪ੍ਰਧਾਨ ਬੂਟਾ ਸਿੰਘ ਗਿੱਲ ਦੀ ਦਿਨ-ਦਿਹਾੜੇ ਗੋਲੀਆਂ ਮਾਰਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਇਹ ਘਟਨਾ ਮ੍ਰਿਤਕ ਬੂਟਾ ਸਿੰਘ ਗਿੱਲ ਜਿਸਦਾ ਪਿਛਲਾ ਪਿੰਡ ਲਾਂਧੜਾ (ਨੇੜੇ ਫਿਲੌਰ) ਹੈ, ਦੇ ਕਾਰੋਬਾਰ ਨਾਲ ਜੁੜੀ ਇੱਕ ਕੰਸਟ੍ਰਕਸ਼ਨ ਸਾਈਟ ‘ਤੇ ਵਾਪਰੀ ਦੱਸੀ ਜਾ ਰਹੀ ਹੈ, ਜੋ ਮਿਲਵੁੱਡ ਰਿੱਕ ਸੈਂਟਰ ਦੇ ਨੇੜੇ ਸਥਿਤ ਹੈ। ਮਿਲੀਆਂ ਖਬਰਾਂ ਅਨੁਸਾਰ ਹਮਲਾਵਰ ਜਿਸਦਾ ਨਾਮ ਨਿੱਕ ਧਾਲੀਵਾਲ ਹੈ, ਵੀ ਕੰਸਟ੍ਰਕਸ਼ਨ ਦੇ ਕਿੱਤੇ ਨਾਲ ਬਤੌਰ ‘ਰੂਫਰ’ ਜੁੜਿਆ ਹੋਇਆ ਸੀ। ਇਸ ਘਟਨਾ ਦਾ ਤੀਜਾ ਸ਼ਿਕਾਰ ਸਰਬਜੀਤ ਸਿੰਘ ਦੱਸਿਆ ਗਿਆ ਹੈ, ਜੋ ਇੱਕ ਸਿਵਲ ਇੰਜੀਨੀਅਰ ਹੈ, ਜੋ ਸਖ਼ਤ ਜਖ਼ਮੀ ਹਾਲਤ ‘ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।

ਨਿੱਕ ਧਾਲੀਵਾਲ ਦੀ ਫਾਈਲ ਫੋਟੋ।

ਸੂਤਰ ਅਨੁਸਾਰ ਤਿੰਨੋਂ ਵਿਅਕਤੀ ਕੰਸਟ੍ਰਕਸ਼ਨ ਸਾਈਟ ‘ਤੇ ਮੌਜੂਦ ਸਨ, ਜਦੋਂ ਮਰਹੂਮ ਗਿੱਲ ਅਤੇ ਧਾਲੀਵਾਲ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਲਖ਼ ਕਲਾਮੀ ਹੋਈ, ਜਿਸ ਤੋਂ ਬਾਅਦ ਧਾਲੀਵਾਲ ਨੇ ਆਪਣਾ ਪਿਸਤੌਲ ਕੱਢਕੇ ਗੋਲੀਆਂ ਵਰ੍ਹਾ ਦਿੱਤੀਆਂ, ਜਿਸ ਨਾਲ ਧਾਲੀਵਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੰਜੀਨੀਅਰ ਸਰਬਜੀਤ ਸਿੰਘ ਜਖ਼ਮੀ ਹੋ ਗਿਆ। ਸੂਤਰਾਂ ਅਨੁਸਾਰ ਘਟਨਾ ਉਪਰੰਤ ਨਿੱਕ ਧਾਲੀਵਾਲ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਅਤੇ ਮੌਕੇ ‘ਤੇ ਹੀ ਮਾਰਿਆ ਗਿਆ।
ਭਾਵੇਂ ਫਿਲਹਾਲ ਝਗੜੇ ਦਾ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਪਰ ਚੁੰਝ ਚਰਚਾਵਾਂ ਦਾ ਦੌਰ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਗੁਰਦੁਆਰਾ ਸਾਹਿਬ ਦਾ ਗਿੱਲ ਪ੍ਰਧਾਨ ਸੀ, ਉਹ ਖਾਲਿਸਤਾਨੀ ਲਹਿਰ ਦੀਆਂ ਸੰਚਾਲਕ ਸੰਸਥਾਵਾਂ ਵਿਚ ਮੋਹਰੀ ਕਰਕੇ ਜਾਣਿਆ ਜਾਂਦਾ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਮਰਹੂਮ ਗਿੱਲ ਨੇ ਇਸ ਤੋਂ ਪਹਿਲਾਂ 2-3 ਵਾਰ ਫਿਰੌਤੀਆਂ ਮੰਗੇ ਜਾਣ ਬਾਰੇ ਪੁਲਿਸ ਰਿਪੋਰਟ ਵੀ ਕੀਤੀ ਸੀ। ਪੁਲਿਸ ਨੇ ਮਾਮਲਾ ਆਪਣੇ ਹੱਥਾਂ ਵਿਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਐਡਮਿੰਟਨ ਦੇ ਕੁਝ ਹੋਰ ਬਿਲਡਰਾਂ ਨੂੰ ਫਿਰੌਤੀ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ ਅਤੇ ਸ਼ਹਿਰ ਵਿਚ ਨਵੇਂ ਬਣਨ ਵਾਲੇ ਕੁਝ ਘਰਾਂ ਨੂੰ ਅੱਗ ਦੇ ਹਵਾਲੇ ਕੀਤੇ ਜਾਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ।