#AMERICA

ਗੁਰਦੁਆਰਾ ਸਾਹਿਬ ਸੰਤ ਸਾਗਰ, ਸੈਕਰਾਮੈਂਟੋ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਹੋਇਆ ਸੈਮੀਨਾਰ

ਸੈਕਰਾਮੈਂਟੋ, 4 ਦਸੰਬਰ (ਪੰਜਾਬ ਮੇਲ)- ਗੁਰਦੁਆਰਾ ਸਾਹਿਬ ਸੰਤ ਸਾਗਰ, ਸੈਕਰਾਮੈਂਟੋ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਹਿੱਸਾ ਲਿਆ। ਸਿੱਖਾਂ ਤੋਂ ਇਲਾਵਾ, ਹਿੰਦੂ, ਬੋਧੀ, ਜੈਨ ਧਰਮ ਨਾਲ ਸੰਬੰਧਤ 200 ਲੋਕਾਂ ਨੇ ਇਸ ਸਮਾਗਮ ‘ਚ ਸ਼ਮੂਲੀਅਤ ਕੀਤੀ। Elk Grove ਸਿਟੀ ਦੀ ਮੇਅਰ ਬੌਬੀ ਸਿੰਘ ਐਲਨ ਅਤੇ ਵਾਇਸ ਮੇਅਰ ਰਾਡ ਬਰਿਊਅਰ ਤੋਂ ਇਲਾਵਾ ਰੌਕਲਿਨ ਸਿਟੀ ਕੌਂਸਲ ਮੈਂਬਰ ਜਿਲ ਗੈਲਡੋ, ਗੁਰਦੁਆਰਾ ਸਾਹਿਬ ਸੰਤ ਸਾਗਰ ਦੇ ਮੁਖੀ ਨਰਿੰਦਰਪਾਲ ਸਿੰਘ ਹੁੰਦਲ, ਇੰਟਰਫੇਥ ਕੌਂਸਲ ਮੈਂਬਰ ਅਕਰਮ ਕੇਵਲ, ਡਾ. ਭਾਵਿਨ ਪਾਰਿਖ, ਨਿੱਕੀ ਸਿੰਘ, ਲਖਵਿੰਦਰ ਸਿੰਘ ਲੱਖੀ ਅਤੇ ਰੀਵਾ ਕੌਰ ਤੋਂ ਇਲਾਵਾ ਹੋਰ ਵੀ ਆਗੂ ਇਸ ਮੌਕੇ ਹਾਜ਼ਰ ਸਨ।
ਮੇਅਰ ਬੌਬੀ ਸਿੰਘ ਐਲਨ ਨੇ ਬੋਲਦਿਆਂ ਕਿਹਾ ਕਿ ਧਾਰਮਿਕ ਅਸਹਿਣਸ਼ੀਲਤਾ ਸਾਡੇ ਸਮਾਜ ਨੂੰ ਪਲੀਤ ਕਰ ਰਹੀ ਹੈ। ਸਾਨੂੰ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ‘ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਅਨੁਸਾਰ ਸਾਰੇ ਧਰਮ ਬਰਾਬਰ ਹਨ। ਕੋਈ ਵੀ ਧਰਮ ਸਾਨੂੰ ਊਚ-ਨੀਚ ਨਹੀਂ ਸਿਖਾਉਂਦਾ। ਇਸ ਦੌਰਾਨ ਗੁਰਦੁਆਰਾ ਸਾਹਿਬ ਸੰਤ ਸਾਗਰ ਦੇ ਮੁਖੀ ਨਰਿੰਦਰਪਾਲ ਸਿੰਘ ਹੁੰਦਲ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਨੇ ਆਪਣਾ ਬਲਿਦਾਨ ਦੂਜੇ ਧਰਮਾਂ ਦੀ ਰੱਖਿਆ ਕਰਨ ਲਈ ਦਿੱਤਾ ਸੀ। ਉਨ੍ਹਾਂ ਹਮੇਸ਼ਾ ਭਾਈਚਾਰਕ ਸਾਂਝ ਵਧਾਉਣ ਲਈ ਸਿੱਖਿਆ ਦਿੱਤੀ ਸੀ। ਸਾਨੂੰ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਲਿਜਾਉਣ ਲਈ ਯਤਨ ਕਰਨੇ ਚਾਹੀਦੇ ਹਨ।