ਸੈਲਮਾ (ਕੈਲੀਫੋਰਨੀਆ), 28 ਫਰਵਰੀ (ਪੰਜਾਬ ਮੇਲ)- ਫਰਿਜ਼ਨੋ ਦੇ ਨਜ਼ਦੀਕ ਪੈਂਦੇ ਸੈਲਮਾ ਸਿਟੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਬੀਤੀ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੇ ਕੀਰਤਨੀ ਭਾਈ ਰਾਜ ਸਿੰਘ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਘਟਨਾ ਮੌਕੇ 29 ਸਾਲਾ ਭਾਈ ਰਾਜ ਸਿੰਘ ਗੁਰਦੁਆਰਾ ਸਾਹਿਬ ਦੇ ਬਾਹਰ ਸੈਰ ਕਰ ਰਹੇ ਸਨ, ਜਦੋਂ ਕਿਸੇ ਅਣਪਛਾਤੇ ਹਮਲਾਵਰ ਵੱਲੋਂ ਉਨ੍ਹਾਂ ‘ਤੇ ਅਚਾਨਕ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਤੋਂ ਬਾਅਦ ਭਾਈ ਰਾਜ ਸਿੰਘ ਕੁੱਝ ਦੂਰੀ ਤੱਕ ਭੱਜੇ ਅਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਰਹਿ ਰਹੇ ਆਪਣੇ ਸਾਥੀ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਮੇਰੇ ‘ਤੇ ਹਮਲਾ ਹੋ ਗਿਆ ਹੈ ਅਤੇ ਮੈਨੂੰ ਬਚਾ ਲਵੋ। ਜਦੋਂ ਉਹ ਸਾਥੀ ਬਾਹਰ ਆਏ, ਤਾਂ ਉਸ ਸਮੇਂ ਤੱਕ ਹਮਲਾਵਰ ਫਰਾਰ ਹੋ ਚੁੱਕੇ ਸਨ। ਉਸ ਦੇ ਸਾਥੀ ਨੇ ਹੀ ਪੁਲਿਸ ਨੂੰ ਕਾਲ ਕੀਤੀ, ਜਿਸ ‘ਤੇ ਸੁਰੱਖਿਆ ਦਸਤੇ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਆਉਂਦਿਆਂ ਹੀ ਭਾਈ ਰਾਜ ਸਿੰਘ ਨੂੰ ਸੀ.ਪੀ.ਆਰ. ਦੇਣ ਦੀ ਕੋਸ਼ਿਸ਼ ਕੀਤੀ। ਉਪਰੰਤ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿਚ ਕਾਫੀ ਬੇਘਰੇ ਲੋਕ ਰਹਿੰਦੇ ਹਨ। ਪੁਲਿਸ ਇਸ ਕਤਲ ਦੀ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ।
ਮ੍ਰਿਤਕ ਗ੍ਰੰਥੀ ਸਿੰਘ ਦਾ ਪਿਛੋਕੜ ਪਿੰਡ ਸਾਹੂਵਾਲ, ਜ਼ਿਲ੍ਹਾ ਬਿਜਨੌਰ, ਉੱਤਰ ਪ੍ਰਦੇਸ਼ ਸੀ। ਉਹ ਤਕਰੀਬਨ ਡੇਢ ਸਾਲਾਂ ਤੋਂ ਗੁਰਦੁਆਰਾ ਸਾਹਿਬ ਸੈਲਮਾ ਵਿਚ ਕੀਰਤਨੀ ਸਿੰਘ ਵਜੋਂ ਸੇਵਾ ਨਿਭਾ ਰਹੇ ਸਨ। ਇਸ ਤੋਂ ਪਹਿਲਾਂ ਉਹ ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿਚ ਵੀ ਆਪਣੀਆਂ ਸੇਵਾਵਾਂ ਦਿੰਦੇ ਰਹੇ।
ਸੰਗਤ ਵਿਚ ਇਸ ਘਟਨਾ ਲਈ ਕਾਫੀ ਰੋਸ ਹੈ। ਉਨ੍ਹਾਂ ਦੱਸਿਆ ਕਿ ਭਾਈ ਸਾਹਿਬ ਬਹੁਤ ਵਧੀਆ ਕੀਰਤਨ ਕਰਦੇ ਸਨ ਅਤੇ ਇਕ ਚੰਗੇ ਇਨਸਾਨ ਸਨ। ਉਨ੍ਹਾਂ ਦੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।