ਸਰੀ, 10 ਜਨਵਰੀ (ਹਰਦਮ ਮਾਨ/ਪੰਜਾਬ ਮੇਲ)- ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਸ਼ਰਧਾਲੂਆਂ ਵੱਲੋਂ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਭਾਈ ਇਕਬਾਲ ਸਿੰਘ ਲੁਧਿਆਣੇ ਵਾਲੇ ਤੇ ਭਾਈ ਸਰਬਜੀਤ ਸਿੰਘ ਰਾਮਦਾਸ ਵਾਲਿਆਂ ਦੇ ਕੀਰਤਨੀ ਜੱਥਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਬਚਿੱਤਰ ਨਾਟਕ ਵਿਚੋਂ ਅਤੇ ਭਾਈ ਨੰਦ ਲਾਲ ਦੀਆਂ ਰਚਨਾਵਾਂ ਨਾਲ ਹਾਜ਼ਰ ਸੰਗਤਾਂ ਦੇ ਮਨਾਂ ਨੂੰ ਟੁੰਬਿਆ।
ਗਿਆਨੀ ਸਤਵਿੰਦਰਪਾਲ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਉੱਪਰ ਰੌਸ਼ਨੀ ਪਾਈ ਅਤੇ ਉਨ੍ਹਾਂ ਦੇ ਵੱਖ-ਵੱਖ ਪਹਿਲੂ ਸੰਗਤਾਂ ਨਾਲ ਸਾਂਝੇ ਕੀਤੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ”ਹਮ ਇਹ ਕਾਜ ਜਗਤ ਮੋ ਆਏ£ ਧਰਮ ਹੇਤ ਗੁਰਦੇਵ ਪਠਾਏ£ ਜਹਾਂ ਤਹਾਂ ਤੁਮ ਧਰਮ ਬਿਥਾਰੋ£ ਦੁਸਟ ਦੋਖੀਅਨ ਪਕਰਿ ਪਛਾਰੋ£” ਦਾ ਹਵਾਲਾ ਦਿੰਦਿਆਂ ਉਨ੍ਹਾਂ ਦੇ ਇਸ ਜਗਤ ਵਿਚ ਆਉਣ ਦੇ ਉਦੇਸ਼ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਅੱਜ ਇਕ ਰਾਸ਼ਟਰਵਾਦ ਨਾਲ ਜੋੜਨ ਦੀ ਸਿਰਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਸਮਝਣ ਦੀ ਅਤਿਅੰਤ ਲੋੜ ਹੈ ਕਿ ਧਰਮ ਚਲਾਉਣ ਵਾਲੇ ਮਰਦ ਅਗੰਮੜੇ ਅਤੇ ਭੁਜੰਗੀਆਂ ਨੂੰ ਕਿਸੇ ਇਕ ਰਾਸ਼ਟਰ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ ਅਤੇ ਉਸ ਸਮਰੱਥ ਗੁਰੂ ਦੀ ਕੁਰਬਾਨੀ ਅਤੇ ਫਲਸਫੇ ਦੇ ਤਾਂ ਬਹੁਤ ਸਾਰੇ ਰਾਸ਼ਟਰ ਵੀ ਕਾਇਲ ਹੋ ਰਹੇ ਹਨ। ਧਰਮ ਨੂੰ ਕਿਸੇ ਰਾਸ਼ਟਰੀ ਹੱਦਬੰਦੀ ਵਿਚ ਨਹੀਂ ਬੰਨ੍ਹਿਆ ਜਾ ਸਕਦਾ।