#AMERICA

ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ ਵੱਲੋਂ ਦੂਸਰਾ ਨਗਰ ਕੀਰਤਨ ਕਾਮਯਾਬੀ ਨਾਲ ਸੰਪੰਨ

ਸੈਕਰਾਮੈਂਟੋ, 27 ਅਪ੍ਰੈਲ (ਪੰਜਾਬ ਮੇਲ)- ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ ਵੱਲੋਂ ਦੂਸਰਾ ਸਾਲਾਨਾ ਹੋਲਾ ਮਹੱਲਾ ਨਗਰ ਕੀਰਤਨ ਕਾਮਯਾਬੀ ਨਾਲ ਸੰਪੰਨ ਹੋਇਆ। ਤਿੰਨ ਦਿਨ ਚੱਲੇ ਇਨ੍ਹਾਂ ਸਮਾਗਮਾਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਤਿੰਨੇ ਦਿਨ ਦੇਸ਼ਾਂ-ਵਿਦੇਸ਼ਾਂ ਤੋਂ ਆਏ ਕੀਰਤਨੀ ਜੱਥਿਆਂ ਨੇ ਗੁਰਬਾਣੀ ਜੱਸ ਗਾਇਨ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਕਥਾਵਾਚਕ ਅਤੇ ਢਾਡੀ ਜੱਥਿਆਂ ਨੇ ਸਿੱਖ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ। ਇਨ੍ਹਾਂ ਜੱਥਿਆਂ ਵਿਚ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਭਾਈ ਪਿੰਦਰਪਾਲ ਸਿੰਘ ਜੀ ਕਥਾਵਾਚਕ, ਭਾਈ ਹਰਜੀਤ ਪਾਲ ਸਿੰਘ ਜੀ, ਭਾਈ ਗੁਰਵਿੰਦਰ ਸਿੰਘ ਜੀ ਕਥਾਵਾਚਕ, ਭਾਈ ਮਾਹਲ ਸਿੰਘ ਜੀ ਚੰਡੀਗੜ੍ਹ ਵਾਲੇ, ਭਾਈ ਹਰਪ੍ਰੀਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਭਾਈ ਸੁਖਵਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਸ਼ਾਮਲ ਸਨ।
ਪਹਿਲੇ ਦਿਨ ਸ਼ਾਮ ਨੂੰ ਆਤਿਸ਼ਬਾਜ਼ੀ ਕੀਤੀ ਗਈ, ਜਿਸ ਕਰਕੇ ਇਕ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ। ਦੂਸਰੇ ਦਿਨ ਸਵੇਰੇ ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਕਰਕੇ ਨਵੇਂ ਜਾਮੇ ਪਹਿਨਾਏ ਗਏ। ਇਸ ਦੌਰਾਨ ਅੰਮ੍ਰਿਤ ਸੰਚਾਰ ਹੋਇਆ।
ਤੀਜੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬਹੁਤ ਸਾਰੇ ਚੁਣੇ ਹੋਏ ਅਮਰੀਕੀ ਆਗੂ ਪਹੁੰਚੇ ਹੋਏ ਸਨ, ਜਿਨ੍ਹਾਂ ਵਿਚ ਕਾਊਂਟੀ ਸੁਪਰਵਾਈਜ਼ਰ ਪੈਟਰਿਕ ਡੈਨਿਸ ਕੈਂਡੀ, ਕਾਊਂਟੀ ਸੁਪਰਵਾਈਜ਼ਰ ਪੈਟ ਹਿਊਮ, ਐਲਕ ਗਰੋਵ ਸਿਟੀ ਦੀ ਮੇਅਰ ਬੌਬੀ ਐਲਨ, ਕੌਂਸਲਰ ਰਾਡ ਬਰਿਊਅਰ, ਕੌਂਸਲਰ ਡੈਰੇਨ ਸਿਊਨ, ਫੋਲਸਮ ਸਿਟੀ ਦੇ ਕੌਂਸਲਰ ਵਾਈ.ਕੇ. ਚੈਲਮ, ਸੈਕਰਾਮੈਂਟੋ ਦੀ ਵਾਈਸ ਮੇਅਰ ਕੈਟੀ ਮੈਪਲ ਸ਼ਾਮਲ ਸਨ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਆਗੂਆਂ ਦਾ ਪਲੇਕ ਦੇ ਕੇ ਸਨਮਾਨ ਕੀਤਾ ਗਿਆ।
ਇਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਵਿਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਨੇ ਚਾਲੇ ਪਾਏ। ਸਿੱਖ ਮੋਟਰਸਾਈਕਲ ਰਾਈਡਰ ਅਤੇ ਘੋੜਸਵਾਰ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾ ਰਹੇ ਸਨ। ਬਹੁਤ ਸਾਰੇ ਫਲੋਟ ਇਸ ਨਗਰ ਕੀਰਤਨ ਵਿਚ ਸ਼ਾਮਲ ਸਨ। ਗਤਕਾ ਦਲ ਨੇ ਆਪਣੇ ਵਿਸ਼ੇਸ਼ ਜੌਹਰ ਦਿਖਾਏ।
ਇਸ ਵਾਰ ਸੰਗਤਾਂ ਭਾਰੀ ਗਿਣਤੀ ਵਿਚ ਇਸ ਨਗਰ ਕੀਰਤਨ ਵਿਚ ਸ਼ਾਮਲ ਹੋਈਆਂ। ਲਗਭਗ 6 ਮੀਲ ਦੀ ਪਰਿਕਰਮਾ ਕਰਕੇ ਨਗਰ ਕੀਰਤਨ ਸ਼ਾਮ ਨੂੰ ਗੁਰਦੁਆਰਾ ਸਾਹਿਬ ਪਰਤਿਆ। ਇਸ ਮੌਕੇ ਅਰਦਾਸ ਕੀਤੀ ਗਈ। ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਵੱਖ-ਵੱਖ ਜਥੇਬੰਦੀਆਂ ਵੱਲੋਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਤੋਂ ਇਲਾਵਾ ਬਾਜ਼ਾਰ ਸਜਾਏ ਗਏ ਸਨ, ਜਿੱਥੋਂ ਲੋਕਾਂ ਨੇ ਕੱਪੜੇ, ਧਾਰਮਿਕ ਸਾਮਾਨ, ਖਿਡੌਣੇ, ਦੇਸੀ ਜੁੱਤੀਆਂ ਦੀ ਖਰੀਦੋ-ਫਰੋਖਤ ਕੀਤੀ। ਇਸ ਵਾਰ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਸਨ, ਜਿਸ ਕਰਕੇ ਕੋਈ ਅਣਸੁਖਾਂਵੀ ਘਟਨਾ ਨਹੀਂ ਹੋਈ ਅਤੇ ਸਮੁੱਚਾ ਨਗਰ ਕੀਰਤਨ ਸ਼ਾਂਤੀਪੂਰਵਕ ਅਤੇ ਸੁਚੱਜੇ ਢੰਗ ਨਾਲ ਸੰਪੂਰਨ ਹੋਇਆ।