#AMERICA

ਗੁਰਦੁਆਰਾ ਸਾਹਿਬ ਬਰਾਡਸ਼ਾਅ ਰੋਡ ਦੀ ਪੁਰਾਣੀ ਇਮਾਰਤ ਨੂੰ ਲੱਗੀ ਅੱਗ

-ਕੋਈ ਜਾਨੀ ਨਹੀਂ ਹੋਇਆ
ਸੈਕਰਾਮੈਂਟੋ, 30 ਜਨਵਰੀ (ਪੰਜਾਬ ਮੇਲ)- ਗੁਰਦੁਆਰਾ ਸੈਕਰਾਮੈਂਟੋ ਸਿੱਖ ਸੁਸਾਇਟੀ, ਬਰਾਡਸ਼ਾਅ ਰੋਡ ਵਿਖੇ ਪੁਰਾਣੀ ਇਮਾਰਤ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਨਾਲ ਜਿੱਥੇ ਪੁਰਾਣੀ ਇਮਾਰਤ ਇਸ ਅੱਗ ਦੀ ਲਪੇਟ ‘ਚ ਆ ਗਈ, ਉਥੇ ਨਜ਼ਦੀਕ ਖੜ੍ਹੀਆਂ ਕੁੱਝ ਕਾਰਾਂ ਵੀ ਸੜ ਕੇ ਸੁਆਹ ਹੋ ਗਈਆਂ। ਫਾਇਰ ਡਿਪਾਰਟਮੈਂਟ ਅਨੁਸਾਰ, ਅੱਗ ਲੱਗਣ ਦਾ ਕਾਰਨ ਗੈਸ ਸਿਲੰਡਰ ਹੈ। ਜ਼ਬਰਦਸਤ ਧਮਾਕੇ ਨਾਲ ਲੱਗੀ ਅੱਗ ਨੂੰ ਫਾਇਰ ਡਿਪਾਰਟਮੈਂਟ ਵੱਲੋਂ ਕਾਬੂ ਪਾ ਲਿਆ ਗਿਆ। ਇਮਾਰਤ ਦਾ ਕੁੱਝ ਹਿੱਸਾ ਸੜ ਕੇ ਖਰਾਬ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸੇ ਬਿਲਡਿੰਗ ਵਿਚ ਸੰਡੇ ਸਕੂਲ ਹੁੰਦਾ ਹੈ। ਸੁਰੱਖਿਆ ਦਸਤਿਆਂ ਅਨੁਸਾਰ ਇਸ ਘਟਨਾ ਕਾਰਨ ਕੋਈ ਵੀ ਜ਼ਖਮੀ ਨਹੀਂ ਹੋਇਆ। ਇਸ ਗੁਰੂਘਰ ਵਿਚ ਐਤਵਾਰ ਨੂੰ ਕਾਫੀ ਵੱਡੀ ਗਿਣਤੀ ਵਿਚ ਸੰਗਤ ਪਹੁੰਚਦੀ ਹੈ, ਪਰ ਸੋਮਵਾਰ ਹੋਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਭਾਰੀ ਗਿਣਤੀ ਵਿਚ ਫਾਇਰ ਅਤੇ ਪੁਲਿਸ ਵਿਭਾਗ ਮੌਕੇ ‘ਤੇ ਪਹੁੰਚ ਗਿਆ, ਜਿਸ ਕਰਕੇ ਅੱਗ ‘ਤੇ ਜਲਦ ਹੀ ਕਾਬੂ ਪਾ ਲਿਆ ਗਿਆ। ਕੁੱਝ ਲੋਕਾਂ ਵੱਲੋਂ ਇਸ ਸੰਬੰਧੀ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇਸ ਘਟਨਾ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਇਸ ਤੋਂ ਗੁਰੇਜ਼ ਕਰਨ ਦੀ ਬੇਨਤੀ ਕੀਤੀ ਗਈ ਹੈ।