#AMERICA

ਗੁਰਦੁਆਰਾ ਸਾਹਿਬ, ਬਰਾਡਸ਼ਾਅ ਰੋਡ, ਸੈਕਰਾਮੈਂਟੋ ਵੱਲੋਂ ਮਹਾਨ ਨਗਰ ਕੀਰਤਨ ਕਾਮਯਾਬੀ ਨਾਲ ਸੰਪੰਨ

ਸੈਕਰਾਮੈਂਟੋ, 26 ਮਾਰਚ (ਪੰਜਾਬ ਮੇਲ)-ਗੁਰਦੁਆਰਾ ਸਾਹਿਬ ਸੈਕਰਾਮੈਂਟੋ ਸਿੱਖ ਸੁਸਾਇਟੀ, ਬਰਾਡਸ਼ਾਅ ਰੋਡ ਵੱਲੋਂ ਹੋਲਾ ਮਹੱਲਾ ਨੂੰ ਸਮਰਪਿਤ ਤੀਸਰਾ ਆਤਮ ਰਸ ਕੀਰਤਨ ਦਰਬਾਰ ਅਤੇ ਮਹਾਨ ਨਗਰ ਕੀਰਤਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਮੁੱਖ ਸਮਾਗਮ ਤਿੰਨ ਦਿਨ ਚੱਲੇ। ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਹੋਇਆ, ਜਿਸ ਦਾ ਭੋਗ ਐਤਵਾਰ ਨੂੰ ਪਾਇਆ ਗਿਆ। ਸ਼ੁੱਕਰਵਾਰ ਦੀ ਰਾਤ ਨੂੰ ਆਤਿਸ਼ਬਾਜ਼ੀ ਦੇ ਕਰਤੱਬ ਦੇਖਣ ਲਈ ਸੰਗਤਾਂ ਭਾਰੀ ਗਿਣਤੀ ਵਿਚ ਪਹੁੰਚੀਆਂ। ਸ਼ਨਿੱਚਰਵਾਰ ਸਵੇਰੇ ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਅਤੇ ਅੰਮ੍ਰਿਤ ਸੰਚਾਰ ਕੀਤਾ ਗਿਆ। ਕਈ ਦਿਨ ਚੱਲੇ ਇਨ੍ਹਾਂ ਸਮਾਗਮਾਂ ਵਿਚ ਗਿਆਨੀ ਪਿੰਦਰ ਪਾਲ ਸਿੰਘ, ਡਾ. ਗੁਰਨਾਮ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਕਮਲਜੀਤ ਸਿੰਘ, ਡਾ. ਗਗਨਦੀਪ ਸਿੰਘ, ਭਾਈ ਹਰਜੀਤ ਪਾਲ ਸਿੰਘ, ਭਾਈ ਹਰਪ੍ਰੀਤ ਸੰਘ, ਭਾਈ ਰਾਹੁਲ ਸਿੰਘ ਨੇ ਗੁਰਬਾਣੀ ਪ੍ਰਵਾਹ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਦਾ ਆਰੰਭ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਕੀਤਾ ਗਿਆ ਸੀ। ਇਸ ਦੌਰਾਨ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਕੁੱਝ ਅਮਰੀਕੀ ਆਗੂਆਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿਚ ਕਾਊਂਟੀ ਸੁਪਰਵਾਈਜ਼ਰ ਪੈਟਰਿਕ ਕੈਨੇਡੀ, ਤੀਨ ਹੋਅ (ਡਿਸਟ੍ਰਿਕ ਅਟਾਰਨੀ), ਰਾਡ ਬਰਿਊਰ (ਵਾਈਸ ਮੇਅਰ), ਕੌਂਸਲ ਮੈਂਬਰ ਸਰਜੀਓ ਰੋਬਲਸ, ਕੌਂਸਲ ਮੈਂਬਰ ਡੈਰੇਨ ਸਿਊਨ ਸ਼ਾਮਲ ਸਨ। ਸਨਮਾਨਤ ਕਰਨ ਦੀ ਰਸਮ ਲਖਬੀਰ ਸਿੰਘ ਔਜਲਾ ਪ੍ਰਧਾਨ, ਧੀਰਾ ਸਿੰਘ ਨਿੱਜਰ, ਮੇਅਰ ਪਰਗਟ ਸਿੰਘ ਸੰਧੂ, ਗੁਰਜਤਿੰਦਰ ਸਿੰਘ ਰੰਧਾਵਾ ਅਤੇ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਨਿਭਾਈ।
ਇਸ ਮੌਕੇ ਗਿਆਨੀ ਪਿੰਦਰ ਪਾਲ ਸਿੰਘ ਨੇ ਅਰਦਾਸ ਕੀਤੀ ਤੇ ਸੰਗਤਾਂ ਦੇ ਭਾਰੀ ਇਕੱਠ ਨਾਲ ਇਹ ਨਗਰ ਕੀਰਤਨ ਆਰੰਭ ਹੋਇਆ। ਇਸ ਵਿਚ ਵੱਖ-ਵੱਖ ਜਥੇਬੰਦੀਆਂ ਅਤੇ ਗੁਰੂਘਰਾਂ ਦੇ ਫਲੋਟ ਸ਼ਾਮਲ ਹੋਏ। ਘੋੜ ਸਵਾਰ ਅਤੇ ਗਤਕਾ ਦਲ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾ ਰਹੇ ਸਨ। ਤਕਰੀਬਨ 6 ਮੀਲ ਦਾ ਪੈਂਡਾ ਕਰਦਾ ਹੋਇਆ ਇਹ ਨਗਰ ਕੀਰਤਨ ਦਿਨ ਢਲਦਿਆਂ ਗੁਰਦੁਆਰਾ ਸਾਹਿਬ ਵਾਪਸ ਪਰਤਿਆ। ਇਸ ਦੌਰਾਨ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਸਨ। ਸਮੁੱਚਾ ਨਗਰ ਕੀਰਤਨ ਬਹੁਤ ਸ਼ਾਂਤੀਪੂਰਵਕ ਹੋਇਆ। ਇਸ ਸਾਲ ਇਕੱਠ ਪਿਛਲੇ ਸਾਲਾਂ ਨਾਲੋਂ ਕਿਤੇ ਵਧ ਸੀ। ਵੱਖ-ਵੱਖ ਜਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਕੁੱਝ ਦੁਕਾਨਾਂ ਵੀ ਸਜਾਈਆਂ ਗਈਆਂ, ਜਿਥੋਂ ਆਈਆਂ ਸੰਗਤਾਂ ਨੇ ਪੰਜਾਬੀ ਸੱਭਿਆਚਾਰ ਅਤੇ ਧਾਰਮਿਕ ਵਸਤੂਆਂ ਦੀ ਖਰੀਦੋ-ਫਰੀਖਤੋ ਕੀਤੀ। ਕੁੱਲ ਮਿਲਾ ਕੇ ਸਮੁੱਚਾ ਸਮਾਗਮ ਬੜੀ ਕਾਮਯਾਬੀ ਨਾਲ ਨੇਪਰੇ ਚੜ੍ਹਿਆ, ਜਿਸ ਦੇ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਧਾਈ ਦੀ ਹੱਕਦਾਰ ਹੈ।