ਸਰੀ, 11 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)-ਸਰੀ ਸਥਿਤ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸੰਗਤ ਵੱਲੋਂ ਬੀਤੇ ਦਿਨ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਬੜੇ ਹੀ ਚਾਵਾਂ ਨਾਲ ਨਿਭਾਈ ਗਈ। ਬੱਚਿਆਂ, ਜਵਾਨਾਂ, ਬਜ਼ੁਰਗਾਂ, ਬੀਬੀਆਂ ਤੇ ਮਾਤਾਵਾਂ ਨੇ ਹਰੇਕ ਸਾਲ ਦੀ ਤਰ੍ਹਾਂ ਬੜੇ ਹੀ ਉਤਸ਼ਾਹ ਨਾਲ ਸੇਵਾ ਦੇ ਕਾਰਜ ਵਿਚ ਯੋਗਦਾਨ ਪਾਇਆ। ਨਿਸ਼ਾਨ ਸਾਹਿਬ ਨੂੰ ਹਾਈਡਰੋਲਿਕ ਨਾਲ ਨੀਵਿਆਂ ਕਰਕੇ ਪੁਰਾਣਾ ਚੋਲਾ ੳਤਾਰਿਆ ਗਿਆ। ਸਾਫ ਸਫਾਈ ਅਤੇ ਧੁਲਾਈ ਉੇਪਰੰਤ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਨਵਾਂ ਚੋਲਾ ਚੜ੍ਹਾਉਣ ਦੀ ਸੇਵਾ ਵਿਚ ਰਲਮਿਲ ਕੇ ਹੱਥ ਵਟਾਇਆ। ਚੋਲਾ ਬਦਲਣ ਦੀ ਸੇਵਾ ਗਿਆਨੀ ਜੀ ਵੱਲੋਂ ਅਰਦਾਸ ਉਪਰੰਤ ਸ਼ੁਰੂ ਹੋਈ ਅਤੇ ਅਰਦਾਸ ਨਾਲ ਹੀ ਸੇਵਾ ਮੁਕੰਮਲ ਹੋਈ। ਸੇਵਾ ਦੌਰਾਨ ਰਾਗੀ ਜੱਥਿਆਂ ਨੇ ਕੀਰਤਨ ਰਾਹੀਂ ਹਾਜਰ ਸੰਗਤਾਂ ਨੂੰ ਨਿਹਾਲ ਕੀਤਾ। ਹਾਜਰ ਸੰਗਤਾਂ ਨੇ “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਨਾਲ ਚੋਲਾ ਬਦਲਣ ਦੇ ਇਸ ਸਮਾਗਮ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।