ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਨਸਲਵਾਦ ਉਪਰ ਸੈਮੀਨਾਰ ਕਰਵਾਇਆ 

316
Share

ਸਰੀ, 14 ਦਸੰਬਰ (ਹਰਦਮ ਮਾਨ/ਪੰਜਾਬ ਮੇਲ)-ਰਿਚਮੰਡ ਮਲਟੀਕਲਚਰਲ ਕਮਿਊੂਨਿਟੀ ਸਰਵਿਸਜ ਸੁਸਾਇਟੀ ਅਤੇ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਵੱਲੋਂ ਗੁਰਦੁਆਰਾ ਨਾਨਕ ਨਿਵਾਸ ,ਨੰਬਰ ਪੰਜ ਰੋਡ ਰਿਚਮੰਡ ਵਿਖੇ ਨਸਲਵਾਦ ਉਪਰ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ਵਿਚ ਬੋਲਦਿਆਂ ਬਲਵੰਤ ਸਿੰਘ ਸੰਘੇੜਾ ਅਤੇ ਰਾਜਿੰਦਰ ਸਿੰਘ ਪੰਧੇਰ ਨੇ ਕਿਹਾ ਕਿ ਕੈਨੇਡਾ ਇਕ ਬਹੁਤ ਹੀ ਸੁੰਦਰ,ਮਲਟੀਕਲਚਰਲ,ਸਭਿਅਕ ਅਤੇ ਅਗਾਂਹਵਧੂ ਦੇਸ਼ ਹੈ। ਇਥੇ ਦੁਨੀਆਂ ਦੇ ਹਰ ਹਿੱਸੇ ਵਿੱਚੋਂ ਆਏ ਲੋਕ ਇਸ ਨੂੰ ਬੇਹਤਰ ਬਨਾਉਣ ਲਈ ਆਪਣਾ ਯੋਗਦਾਨ ਪਾ ਰਹੇ ਹਨ। ਪਰ ਦੁੱਖ ਦੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿਚ ਨਸਲਵਾਦ ਫਿਰ ਸਿਰ ਚੁੱਕ ਰਿਹਾ ਹੈ।

ਸੈਮੀਨਾਰ ਦੇ ਵੱਖ ਵੱਖ ਬੁਲਾਰਿਆਂ ਅਨੁਸਾਰ ਨਸਲਵਾਦ ਦੇ ਕੁਝ ਕਾਰਨ,ਅਗਿਆਨ,ਬੇਸਮਝੀ ,ਬਿਨਾਂ ਵਜ੍ਹਾ ਡਰ ਅਤੇ ਆਤਮ ਵਿਸ਼ਵਾਸ ਦੀ ਘਾਟ ਹੋ ਸਕਦੀ ਹੈ। ਕੋਰੋਨਾ ਵਾਇਰਸ ਅਤੇ ਐਂਟੀ ਵੈਕਸੀਨ ਵਰਗੀਆਂ ਜਥੇਬੰਦੀਆਂ ਨੇ ਨਸਲਵਾਦ ਨੂੰ ਹੋਰ ਭੀ ਭੜਕਾ ਦਿੱਤਾ ਹੈ। ਇਸ ਲਈ ਸਾਨੂੰ ਸਭ ਨੂੰ ਇਕੱਠੇ ਹੋ ਕੇ ਇਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਇਕ ਦੂਸਰੇ ਨਾਲ ਸੰਪਰਕ ਰੱਖੀਏ ,ਇਕ ਦੂਸਰੇ ਲਈ ਖ੍ਹੜੇ ਹੋਈਏ ਅਤੇ ਰਲ ਮਿਲ ਕੇ ਨਸਲਵਾਦ ਦਾ ਮੁਕਾਬਲਾ ਕਰੀਏ। ਇਸ ਸਿਲਸਲੇ ਵਿਚ ਕਾਫੀ ਜਥੇਬੰਦੀਆਂ ਵਚਨਬੱਧ ਹਨ ਅਤੇ ਉਨ੍ਹਾਂ ਜਥੇਬੰਦੀਆਂ ਦਾ ਸਾਥ ਦੇ ਕੇ, ਇਕ ਦੂਸਰੇ ਨਾਲ ਆਪਣੀ ਸਾਂਝ ਵਧਾ ਕੇ, ਹਰ ਇਕ ਕਮਿਊਨਿਟੀ ਵਿਚ ਨਸਲਵਾਦ ਵਿਰੁੱਧ ਲੜਨ ਵਾਲੇ ਯੋਗ ਚੈਂਪੀਅਨ ਪੈਦਾ ਕਰਕੇ ਇਸ ਨੂੰ ਖਤਮ ਕੀਤਾ ਜਾ ਸਕਦਾ ਹੈ। ਨਸਲਵਾਦ ਅਤੇ ਨਫਰਤ ਭਰੇ ਵਰਤਾਰੇ ਖਿਲਾਫ ਖ੍ਹੜੇ ਹੋਣਾ ਅਤੇ ਆਵਾਜ਼ ਬੁਲੰਦ ਕਰਨਾ ਸਾਡਾ ਸਭ ਦਾ ਫਰਜ਼ ਹੈ।

ਬੁਲਾਰਿਆਂ ਨੇ ਹਰ ਇਕ ਕੈਨੇਡੀਅਨ ਨੂੰ ਸੱਦਾ ਦਿੱਤਾ ਕਿ ਨਸਲਵਾਦ ਦਾ ਮੁਕਾਬਲਾ ਕਰਕੇ ਕੈਨੇਡਾ ਨੂੰ ਹੋਰ ਵੀ ਚੰਗਾ ਦੇਸ਼ ਬਨਾਉਣ ਵਿਚ ਸਭ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਅੰਤ ਵਿਚ ਬਲਵੰਤ ਸਿੰਘ ਸੰਘੇੜਾ ਨੇ ਸੈਮੀਨਾਰ ਵਿਚ ਹਿੱਸ ਲੈਣ ਵਾਲਿਆਂ ਧੰਨਵਾਦ ਕੀਤਾ।

 


Share