ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਫ਼ੋਟੋਗ੍ਰਾਫੀ ਕਰਨ ’ਤੇ ਲੱਗੀ ਰੋਕ

726
Share

ਅੰਮਿ੍ਰਤਸਰ, 10 ਦਸੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਹਿਲਾ ਮਾਡਲ ਵਲੋਂ ਕੀਤੀ ਗਈ ਮਾਡਲਿੰਗ ਦੇ ਮਾਮਲੇ ਨਾਲ ਪੈਦਾ ਹੋਏ ਵਿਵਾਦ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਅੰਦਰ, ਪਰਿਕਰਮਾ, ਮਜ਼ਾਰ ਸਾਹਿਬ, ਲੰਗਰ ਭਵਨ, ਸਰੋਵਰ ਅਤੇ ਹੋਰਨਾਂ ਸਥਾਨਾਂ ’ਤੇ ਫ਼ੋਟੋਗ੍ਰਾਫ਼ੀ ਕਰਨ ’ਤੇ ਸਖ਼ਤੀ ਨਾਲ ਰੋਕ ਲਗਾ ਕੇ ਬਕਾਇਦਾ ਸੇਵਾਦਾਰਾਂ ਦੀ ਤਾਇਨਾਤੀ ਕੀਤੀ ਹੈ। ਲਾਹੌਰ ਤੋਂ ਬਾਬਰ ਜਲੰਧਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਪਰਿਕਰਮਾ ’ਚ ਮਾਡਲਿੰਗ ਦੇ ਮਾਮਲੇ ਤੋਂ ਬਾਅਦ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਫ਼ੋਟੋਗਰਾਫ਼ੀ ’ਤੇ ਮੁਕੰਮਲ ਰੋਕ ਲਗਾਉਣ ਦਾ ਫ਼ੈਸਲਾ ਲਿਆ ਗਿਆ। ਉੱਧਰ ਈ.ਟੀ.ਪੀ.ਬੀ. ਅਧਿਕਾਰੀਆਂ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਰਹਿਤ ਮਰਿਆਦਾ ਬਣਾਏ ਰੱਖਣ, ਲੰਗਰ, ਸਾਫ਼ ਸਫ਼ਾਈ ਅਤੇ ਲਾਂਘੇ ਦੇ ਹੋਰਨਾਂ ਪ੍ਰਬੰਧਾਂ ਲਈ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਵਲੋਂ ਨਵੇਂ ਕਰਮਚਾਰੀਆਂ ਅਤੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ।

Share