#AMERICA

ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵਿਖੇ ਚਾਰ ਸਾਹਿਬਜ਼ਾਦਿਆਂ ਅਤੇ ਸ਼ਹੀਦਾਂ ਦੀ ਯਾਦ ‘ਚ ਹੋਏ ਵਿਸ਼ੇਸ਼ ਸਮਾਗਮ

ਫਰਿਜ਼ਨੋ, 27 ਦਸੰਬਰ (ਪੰਜਾਬ ਮੇਲ)- ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਕਰਮਨ ਨਿਵਾਸੀ ਸ. ਸਰਬਜੀਤ ਸਿੰਘ ਸਰਾਂ ਅਤੇ ਸੰਗਤਾਂ ਨੇ ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵਿਖੇ ਵਿਸ਼ੇਸ਼ ਸਮਾਗਮ ਕਰਵਾਏ। ਇਸ ਪ੍ਰੋਗਰਾਮ ਵਿਚ ਗੁਰੂਘਰ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸੇ ਦੌਰਾਨ ਤਿੰਨੇ ਦਿਨ ਗੁਰੂਘਰ ਵਿਖੇ ਗੁਰਬਾਣੀ-ਕੀਰਤਨ ਅਤੇ ਢਾਡੀ ਦਰਬਾਰ ਸਜਾਇਆ ਗਿਆ, ਜਿਸ ਵਿਚ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ।
ਇਨ੍ਹਾਂ ਸ਼ਹੀਦੀ ਸਮਾਗਮਾਂ ਦੀ ਸਮਾਪਤੀ ਸਮੇਂ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂਘਰ ਦੇ ਹਜ਼ੂਰੀ ਕੀਰਤਨੀ ਜੱਥੇ ਦੇ ਭਾਈ ਬਲਜਿੰਦਰ ਸਿੰਘ ਅਤੇ ਭਾਈ ਨਰਿੰਦਰ ਸਿੰਘ ਨੇ ਨਿਰੋਲ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰਦੇ ਹੋਏ ਸਿੱਖ ਇਤਿਹਾਸ ਸਰਵਣ ਕਰਵਾਇਆ। ਇਸ ਉਪਰੰਤ ਚੱਲੇ ਢਾਡੀ ਦਰਬਾਰ ਵਿਚ ਇੰਟਰਨੈਸ਼ਨਲ ਗੋਲਡ ਮੈਡਲਿਸਟ ਗਿਆਨੀ ਇੰਦਰਜੀਤ ਸਿੰਘ ਸ਼ੇਰਗਿੱਲ ਜਮਸ਼ੇਰ ਦੇ ਢਾਡੀ ਜੱਥੇ ਨੇ ਹਾਜ਼ਰੀ ਭਰੀ, ਜਿਸ ਵਿਚ ਜੰਡਿਆਲਾ ਮੰਜਕੀ ਵਾਲੇ ਸਕੇ ਭਰਾਵਾਂ ਦਾ ਢਾਡੀ ਜੱਥਾ ਸਾਰੰਗੀ ਵਾਦਕ ਹਰਪਾਲ ਸਿੰਘ ਪਾਲ, ਢਾਡੀ ਰਾਜਵਿੰਦਰ ਸਿੰਘ ਰਾਜ, ਢਾਡੀ ਰਣਜੀਤ ਸਿੰਘ ਰਾਣਾ ਆਦਿਕ ਨੇ ਹਾਜ਼ਰੀ ਭਰੀ। ਇਸ ਸਮੇਂ ਢਾਡੀ ਜੱਥੇ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪ੍ਰਸੰਗ ਛੋਟੀ ਉਮਰੇ ਵੱਡੀਆਂ ਕੁਰਬਾਨੀਆਂ ਬੜੇ ਵਿਸਥਾਰ ਅਤੇ ਜਜ਼ਬੇ ਨਾਲ ਸੁਣਾਇਆ ਕਿ ਇਤਿਹਾਸ ਸੁਣ ਰਹੀਆਂ ਸੰਗਤਾਂ ਦੀਆਂ ਅੱਖਾਂ ਨਮ ਦਿਖ ਰਹੀਆਂ ਸਨ। ਢਾਡੀ ਜੱਥਾਂ ਹਾਜ਼ਰ ਸੰਗਤਾਂ ਨੂੰ ਇਤਿਹਾਸ ਸੁਣਾਉਂਦੇ ਹੋਏ ਬੜੀ ਸੂਝ ਨਾਲ ਇਸ ਤਰ੍ਹਾਂ ਤੋਰ ਰਿਹਾ ਸੀ ਕਿ ਸੰਗਤਾਂ ਉਸ ਸਮੇਂ ਦੇ ਹਲਾਤਾਂ ਨੂੰ ਮਹਿਸੂਸ ਕਰ ਰਹੀਆਂ ਸਨ।
ਸਮੁੱਚੇ ਪ੍ਰੋਗਰਾਮ ਵਿਚ ਕਰਮਨ ਸ਼ਹਿਰ ਅਤੇ ਹੋਰ ਦੂਰ-ਦੂਰਾਡੇ ਤੋਂ ਸੰਗਤਾਂ ਨੇ ਪਹੁੰਚ ਕੇ ਹਾਜ਼ਰੀਆਂ ਭਰੀਆਂ।