ਜਲੰਧਰ, 17 ਜੂਨ (ਪੰਜਾਬ ਮੇਲ)- ਖੇਤਰੀ ਪਾਸਪੋਰਟ ਦਫਤਰ ਜਲੰਧਰ ਨੇ ਗੁਰਦਾਸਪੁਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਨਿਵਾਸੀਆਂ ਨੂੰ ਪਾਸਪੋਰਟ ਲਈ ਬਿਨੈ-ਪੱਤਰ ਜਮ੍ਹਾ ਕਰਵਾਉਣ ‘ਚ ਸਹੂਲਤ ਦੇਣ ਲਈ ਤਹਿਸੀਲ ਕੰਪਲੈਕਸ ਡਿਪਟੀ ਕਮਿਸ਼ਨਰ ਦਫਤਰ ਗੁਰਦਾਸਪੁਰ ‘ਚ ਆਪਣੀ ਪਾਸਪੋਰਟ ਸੇਵਾ ਆਰ.ਪੀ.ਓ. ਮੋਬਾਈਲ ਵੈਨ ਤਾਇਨਾਤ ਕੀਤੀ ਹੈ। ਖੇਤਰੀ ਪਾਸਪੋਰਟ ਅਧਿਕਾਰੀ ਯਸ਼ਪਾਲ ਨੇ ਦੱਸਿਆ ਕਿ ਪਾਸਪੋਰਟ ਦਫਤਰ ਬਿਨੈਕਾਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਲਗਾਤਾਰ ਯਤਨ ਕਰ ਰਿਹਾ ਹੈ ਅਤੇ ਇਸੇ ਸਿਲਸਿਲੇ ‘ਚ ਗੁਰਦਾਸਪੁਰ ਡਿਪਟੀ ਕਮਿਸ਼ਨਰ ਦਫਤਰ ‘ਚ ਪਾਸਪੋਰਟ ਸੇਵਾ ਵੈਨ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਨਾਲ ਗੁਰਦਾਸਪੁਰ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਆਪਣੀਆਂ ਪਾਸਪੋਰਟ ਲਈ ਬਿਨੈ-ਪੱਤਰ ਜਮ੍ਹਾ ਕਰਵਾਉਣ ਲਈ ਦੂਰ-ਦੁਰਾਡੇ ਦੇ ਇਲਾਕਿਆਂ ‘ਚ ਜਾਣਾ ਨਹੀਂ ਪਵੇਗਾ ਅਤੇ ਉਨ੍ਹਾਂ ਦਾ ਸਮਾਂ ਅਤੇ ਪੈਸਾ ਵੀ ਬਚੇਗਾ।
ਖੇਤਰੀ ਪਾਸਪੋਰਟ ਅਧਿਕਾਰੀ ਯਸ਼ਪਾਲ ਨੇ ਦੱਸਿਆ ਕਿ ਪਾਸਪੋਰਟ ਲਈ ਬਿਨੈ ਕਰਨ ਦੇ ਇੱਛੁਕ ਲੋਕ ਪਾਸਪੋਰਟ ਦਫਤਰ ਦੇ ਅਧਿਕਾਰਕ ਪੋਰਟਲ ਤੋਂ ਆਨਲਾਈਨ ਬਿਨੈ-ਪੱਤਰ ਭਰ ਕੇ ਅਪੁਆਇੰਟਮੈਂਟ ਬੁੱਕ ਕਰਕੇ ਇਸ ਸਹੂਲਤ ਦਾ ਲਾਭ ਉਠਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ‘ਚ ਪਾਸਪੋਰਟ ਦਫਤਰ ਨੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੇ ਫੈਸਲੇ ਲਏ ਹਨ, ਜਿਸ ਨੂੰ ਲੋਕਾਂ ਨੇ ਸਲਾਹਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲੋਕਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਹੋਰ ਵੀ ਲੋਕ ਹਿਤੈਸ਼ੀ ਫੈਸਲੇ ਲਈ ਜਾਣਗੇ। ਖੇਤਰੀ ਪਾਸਪੋਰਟ ਅਧਿਕਾਰੀ ਨੇ ਕਿਹਾ ਕਿ ਜਲੰਧਰ ਦੇ ਆਰ.ਪੀ.ਓ. ਦਫਤਰ ‘ਚ ਲੋਕ ਬਿਨਾਂ ਅਪੁਆਇੰਟਮੈਂਟ ਦੇ ਆਪਣੀਆਂ ਸ਼ਿਕਾਇਤਾਂ ਹੱਲ ਕਰਵਾਉਣ ਲਈ ਆ ਸਕਦੇ ਹਨ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਪਿਛਲੇ ਸਮੇਂ ਦੌਰਾਨ ਹੱਲ ਵੀ ਕੀਤਾ ਗਿਆ ਹੈ।
ਗੁਰਦਾਸਪੁਰ ਵਿਚ ਪਾਸਪੋਰਟ ਸੇਵਾ ਲਈ ਆਰ.ਪੀ.ਓ. ਮੋਬਾਈਲ ਵੈਨ ਤਾਇਨਾਤ
